ਨਵੀਂ ਦਿੱਲੀ: ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਪ੍ਰਾਈਵੇਟ ਵਪਾਰੀਆਂ ਨੇ ਸੱਤ ਹਜ਼ਾਰ ਟਨ ਪਿਆਜ ਦਰਾਮਦ ਕਰ ਲਏ ਹਨ। 25 ਹਜ਼ਾਰ ਟਨ ਹੋਰ ਦੀਵਾਲੀ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਹੈ। ਘਰੇਲੂ ਸਪਲਾਈ ਵਧਾਉਣ ਤੇ ਕੀਮਤਾਂ ਉਤੇ ਕਾਬੂ ਰੱਖਣ ਦੇ ਮੰਤਵ ਨਾਲ ਪਿਆਜ ਦਰਾਮਦ ਕੀਤਾ ਜਾ ਰਿਹਾ ਹੈ। ਗੋਇਲ ਨੇ ਕਿਹਾ ਕਿ ਸਹਿਕਾਰੀ ਸੰਗਠਨ ‘ਨੈਫੇਡ’ ਵੀ ਜਲਦੀ ਪਿਆਜ ਦਰਾਮਦ ਕਰਨਾ ਸ਼ੁਰੂ ਕਰੇਗਾ। ਇਸ ਤੋਂ ਇਲਾਵਾ 30 ਹਜ਼ਾਰ ਟਨ ਆਲੂ ਵੀ ਭੂਟਾਨ ਤੋਂ ਦਰਾਮਦ ਕੀਤਾ ਗਿਆ ਹੈ। ਪਿਆਜ ਦੀਆਂ ਪਰਚੂਨ ਕੀਮਤਾਂ ਪਿਛਲੇ ਤਿੰਨ ਦਿਨਾਂ ਤੋਂ 65 ਰੁਪਏ ਪ੍ਰਤੀ ਕਿਲੋ ਉਤੇ ਟਿਕੀਆਂ ਹੋਈਆਂ ਹਨ। ਗੋਇਲ ਨੇ ਇਕ ਡਿਜੀਟਲ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਰਕਾਰ ਕੀਮਤਾਂ ਕਾਬੂ ਕਰਨ ਲਈ ਸਰਗਰਮੀ ਨਾਲ ਕਦਮ ਚੁੱਕ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦਰਾਮਦ ਦੇ ਨਾਲ-ਨਾਲ ਅਗਲੇ ਮਹੀਨੇ ਤੋਂ ਮੰਡੀਆਂ ਵਿਚ ਸਾਉਣੀ ਦੀ ਨਵੀਂ ਫ਼ਸਲ ਆਉਣ ਨਾਲ ਸਪਲਾਈ ਦੀ ਸਥਿਤੀ ਸੁਧਰੇਗੀ, ਕੀਮਤਾਂ ਵੀ ਘਟਣਗੀਆਂ।
ਪਿਆਜ ਮਿਸਰ, ਅਫ਼ਗਾਨਿਸਤਾਨ ਤੇ ਤੁਰਕੀ ਤੋਂ ਦਰਾਮਦ ਕੀਤਾ ਜਾ ਰਿਹਾ ਹੈ। ਸਰਕਾਰ ਨੇ ਦਰਾਮਦ ਲਈ ਕੁਝ ਨੇਮਾਂ ਵਿਚ ਛੋਟ ਵੀ ਦਿੱਤੀ ਹੈ। ਪਿਆਜ ਦੇ ਬੀ ਬਾਹਰ ਭੇਜਣ ਉਤੇ ਪਾਬੰਦੀ ਲਾਈ ਗਈ ਹੈ। ਭੰਡਾਰ ਕਰਨ ਦੀ ਵੀ ਸੀਮਾ ਮਿੱਥੀ ਗਈ ਹੈ ਤਾਂ ਕਿ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ। ਆਲੂ ਦੀਆਂ ਕੀਮਤਾਂ ਵੀ ਵੱਧ ਰਹੀਆਂ ਹਨ ਤੇ ਪਿਛਲੇ ਤਿੰਨ ਦਿਨਾਂ ਤੋਂ ਇਹ 42 ਰੁਪਏ ਪ੍ਰਤੀ ਕਿਲੋ ’ਤੇ ਟਿਕਿਆ ਹੋਇਆ ਹੈ। -ਪੀਟੀਆਈ