ਨਵੀਂ ਦਿੱਲੀ, 29 ਅਪਰੈਲ
ਕੋਵਿਡ ਸੰਕਟ ਨਾਲ ਸਿੱਝਣ ਲਈ ਸਰਕਾਰ ਦੀ ਆਲੋਚਨਾ ਦੌਰਾਨ #ਰਿਜ਼ਾਈਨਮੋਦੀ ਵਾਲੀਆਂ ਪੋਸਟਾਂ ਨੂੰ ਫੇਸਬੁੱਕ ਨੇ ਬਲਾਕ ਕਰ ਦਿੱਤਾ। ਕੁਝ ਘੰਟਿਆਂ ਮੰਗਰੋਂ ਸੋਸ਼ਲ ਸਾਈਟ ਨੇ ਗਲਤੀ ਮੰਨਦਿਆਂ ਇਹ ਬਹਾਲ ਕਰ ਦਿੱਤੀਆਂ। ਫੇਸਬੁੱਕ ਨੇ ਕਿਹਾ ਕਿ ਬਲਾਕ ਕਰਨ ਦਾ ਕਦਮ ਸਰਕਾਰ ਦੇ ਕਹਿਣ ’ਤੇ ਨਹੀਂ ਉਠਾਇਆ ਸੀ। ਇਸ ਤੋਂ ਪਹਿਲਾਂ ਟਵਿੱਟਰ ਨੇ ਸਰਕਾਰ ਦੇ ਹੁਕਮਾਂ ਮਗਰੋਂ ਤਿੱਖੀਆਂ ਆਲੋਚਨਾ ਵਾਲੀਆਂ ਪੋਸਟਾਂ ਹਟਾ ਦਿੱਤੀਆਂ ਸਨ।
ਫੇਸਬੁੱਕ ਦੇ ਤਰਜਮਾਨ ਨੇ ਬਿਆਨ ’ਚ ਕਿਹਾ,‘‘ਅਸੀਂ ਗਲਤੀ ਨਾਲ ਇਸ ਹੈਸ਼ਟੈਗ ਨੂੰ ਆਰਜ਼ੀ ਤੌਰ ’ਤੇ ਬਲਾਕ ਕਰ ਦਿੱਤਾ ਸੀ। ਸਾਨੂੰ ਭਾਰਤ ਸਰਕਾਰ ਨੇ ਇਸ ’ਤੇ ਰੋਕ ਲਾਉਣ ਲਈ ਨਹੀਂ ਕਿਹਾ ਸੀ। ਅਸੀਂ ਇਸ ਨੂੰ ਹੁਣ ਬਹਾਲ ਕਰ ਦਿੱਤਾ ਹੈ।’’ ਉਧਰ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਨੇ ਹੈਸ਼ਟੈਗ ਹਟਾਉਣ ਦੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਸਨ। ਮੰਤਰਾਲੇ ਨੇ ਕਿਹਾ ਕਿ ਫੇਸਬੁੱਕ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਹ ਗਲਤੀ ਨਾਲ ਹਟਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੋਹਰਲੀ ਕਤਾਰ ਦੇ ਵਰਕਰਾਂ ਅਤੇ ਮੈਡੀਕਲ ਮਾਹਿਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ’ਚ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ। ‘ਅਜਿਹੇ ਸੰਵੇਦਨਸ਼ੀਲ ਸਮੇਂ ’ਤੇ ਅਸੀਂ ਮੀਡੀਆ ਨੂੰ ਬੇਨਤੀ ਕਰਾਂਗੇ ਕਿ ਉਹ ਕਰੋੜਾਂ ਆਮ ਭਾਰਤੀਆਂ ਨਾਲ ਰਲ ਕੇ ਮਹਾਮਾਰੀ ਦਾ ਸਾਹਮਣਾ ਕਰਨ।’ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫ਼ੇ ਦੀ ਮੰਗ ਕਰਦੇ ਹੈਸ਼ਟੈਗ ਨੂੰ ਫੇਸਬੁੱਕ ਨੇ ਬੁੱਧਵਾਰ ਨੂੰ ਕਈ ਘੰਟਿਆਂ ਲਈ ਬਲਾਕ ਕਰ ਦਿੱਤਾ ਸੀ। ਯੂਜ਼ਰਸ ਨੂੰ ਸੁਨੇਹੇ ਮਿਲ ਰਹੇ ਸਨ ਕਿ ਅਜਿਹੀਆਂ ਪੋਸਟਾਂ ‘ਆਰਜ਼ੀ ਤੌਰ ’ਤੇ ਰੋਕ’ ਦਿੱਤੀਆਂ ਹਨ ਕਿਉਂਕਿ ਇਨ੍ਹਾਂ ਪੋਸਟਾਂ ਦੀ ਕੁਝ ਸਮੱਗਰੀ ਫੇਸਬੁੱਕ ਦੇ ਮਿਆਰ ਖ਼ਿਲਾਫ਼ ਹੈ। ਮੋਦੀ ਤੋਂ ਅਸਤੀਫ਼ਾ ਮੰਗਣ ਵਾਲੀਆਂ ਪੋਸਟਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਇਕ ਦਿਨ ਪਹਿਲਾਂ ਬਲਾਕ ਕੀਤੀਆਂ ਗਈਆਂ ਸਨ। -ਪੀਟੀਆਈ