ਲਖਨਊ, 13 ਜੁਲਾਈ
ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਆਬਾਦੀ ਕੰਟਰੋਲ ਬਿੱਲ ਦਾ ਖਰੜਾ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਦੀ ਨੀਅਤ ’ਤੇ ਸਵਾਲ ਖੜ੍ਹੇ ਕਰਨ ਵਾਲਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਭਾਜਪਾ ਦਾ ਆਗਾਮੀ ਚੋਣਾਂ ਵਿਚ ਲਾਹਾ ਲੈਣ ਲਈ ਕੀਤਾ ਗਿਆ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸਰਕਾਰ ਆਬਾਦੀ ਦੇ ਵਾਧੇ ਬਾਰੇ ਸੰਜੀਦਾ ਸੀ ਤਾਂ ਇਸ ਨੂੰ ਯੂਪੀ ਵਿਚ ਸਰਕਾਰ ਬਣਦਿਆਂ ਹੀ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਸੀ। ਬਸਪਾ ਮੁਖੀ ਦਾ ਇਹ ਬਿਆਨ ਉੱਤਰ ਪ੍ਰਦੇਸ਼ ਲਾਅ ਕਮਿਸ਼ਨ ਵੱਲੋਂ ਆਪਣੀ ਵੈੱਬਸਾਈਟ ’ਤੇ ਆਬਾਦੀ ਕੰਟਰੋਲ ਬਿੱਲ ਦਾ ਖਰੜਾ ਅਪਲੋਡ ਕਰਨ ਦੇ ਸਬੰਧ ਵਿਚ ਆਇਆ ਹੈ।
ਮਾਇਆਵਤੀ ਨੇ ਹਿੰਦੀ ਵਿਚ ਕੀਤੇ ਟਵੀਟ ਵਿਚ ਕਿਹਾ ਹੈ ਕਿ ਆਬਾਦੀ ਕੰਟਰੋਲ ਬਿੱਲ ਦੇ ਫ਼ਾਇਦੇ ਤੇ ਨੁਕਸਾਨ ਨਾਲੋਂ ਜ਼ਿਆਦਾ ਇਹ ਸਰਕਾਰ ਦੀ ਨੀਤੀ ਅਤੇ ਨੀਅਤ ’ਤੇ ਸਵਾਲ ਖੜ੍ਹੇ ਕਰਦਾ ਹੈ ਕਿ ਇਹ ਇਸ ਮੁੱਦੇ ਨੂੰ ਲੈ ਕੇ ਕਿੰਨੀ ਕੁ ਸੰਜੀਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਭਾਜਪਾ ਦਾ ਚੋਣ ਸਟੰਟ ਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਸਫ਼ਲ ਰਹਿਣ ’ਤੇ ਭਾਜਪਾ ਹੁਣ ਧੱਕਾ ਕਰ ਕੇ ਅਤੇ ਸਜ਼ਾ ਦਾ ਡਰ ਦੇ ਕੇ ਆਬਾਦੀ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। -ਪੀਟੀਆਈ