ਨਵੀਂ ਦਿੱਲੀ: ਕਾਂਗਰਸ ਨੇ ਆਰਥਿਕ ਨਾਬਰਾਬਰੀ ਵਧਣ ਦਾ ਦਾਅਵਾ ਕਰਨ ਵਾਲੇ ਇਕ ਸਰਵੇਖਣ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੀ ‘ਆਰਥਿਕ ਮਹਾਮਾਰੀ’ ਦੇ ਸ਼ਿਕਾਰ ਦੇਸ਼ ਦੇ ਗਰੀਬ ਅਤੇ ਮੱਧ ਵਰਗ ਦੇ ਲੋਕ ਬਣੇ ਹਨ। ਮੁੱਖ ਵਿਰੋਧੀ ਧਿਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਅਮੀਰਾਂ ਲਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਜਟ ਆਮਦਨ ਦੇ ਪਾੜੇ ਨੂੰ ਦੂਰ ਕਰਨ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ਗਰੌਸ ਇਕਨਾਮਿਕ ਮਿਸਮੈਨੇਜਮੈਂਟ ਇੰਡੈਕਸ’ ਦੀ ਸ਼ੁਰੂਆਤ ਕਰੇ ਤਾਂ ਜੋ ਆਰਥਿਕ ਨਾਬਰਾਬਰੀ ਦੀ ਸੱਚਾਈ ਸਾਹਮਣੇ ਆ ਸਕੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ,‘‘ਕੋਵਿਡ ਮਹਾਮਾਰੀ ਦਾ ਅਸਰ ਪੂਰੇ ਦੇਸ਼ ’ਤੇ ਪਿਆ ਹੈ ਪਰ ਗਰੀਬ ਅਤੇ ਮੱਧ ਵਰਗ ਮੋਦੀ ਸਰਕਾਰ ਦੀ ‘ਆਰਥਿਕ ਮਹਾਮਾਰੀ’ ਤੋਂ ਵੀ ਝੰਬੇ ਗਏ ਹਨ। ਅਮੀਰ-ਗਰੀਬ ਵਿਚਕਾਰ ਵਧਦੇ ਪਾੜੇ ਦਾ ਸਿਹਰਾ ਕੇਂਦਰ ਸਰਕਾਰ ਨੂੰ ਜਾਂਦਾ ਹੈ।’’ ਉਨ੍ਹਾਂ ਇਕ ਰਿਪੋਰਟ ਦਾ ਹਵਾਲਾ ਵੀ ਦਿੱਤਾ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ 20 ਫ਼ੀਸਦ ਗਰੀਬਾਂ ਦੀ ਆਮਦਨ 53 ਫ਼ੀਸਦ ਤੱਕ ਘੱਟ ਹੋ ਗਈ ਹੈ ਜਦਕਿ ਕੋਵਿਡ ਦੇ ਸਮੇਂ ਦੌਰਾਨ ਅਮੀਰਾਂ ਦੀ ਆਮਦਨ ਕਈ ਗੁਣਾ ਵਧ ਗਈ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਵੀ ਇਸ ਸਰਵੇਖਣ ਸਬੰਧੀ ਟਵੀਟ ਕੀਤਾ,‘‘ਮੋਦੀ ਸਰਕਾਰ ਸਿਰਫ਼ ਅਮੀਰਾਂ ਲਈ ਹੈ। ਇਹ ਹੁਣ ਜਨਤਕ ਹੈ, ਗਰੀਬ ਹੋਰ ਗਰੀਬ-ਹਮ ਦੋ ਹਮਾਰੇ ਦੋ ਦੀ ਚਾਂਦੀ।’’ ਪਾਰਟੀ ਦੀ ਇਕ ਹੋਰ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਅਮੀਰਾਂ ਦੇ ਲਾਹੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਅਮੀਰ-ਗਰੀਬ ਦੇ ਪਾੜੇ ਨੂੰ ਪੂਰਨ ਵਾਲਾ ਹੋਣਾ ਚਾਹੀਦਾ ਹੈ। ਕੇਂਦਰੀ ਬਜਟ ’ਚ ਗਰੀਬਾਂ ਦੇ ਹੱਥ ’ਚ ਵਧੇਰੇ ਪੈਸਾ ਦੇਣ ’ਤੇ ਧਿਆਨ ਕੇਂਦਰਤ ਹੋਣਾ ਚਾਹੀਦਾ ਹੈ। ਜੇਕਰ ਇੰਜ ਨਹੀਂ ਹੁੰਦਾ ਹੈ ਤਾਂ ਬਜਟ ਸਿਰਫ਼ ਜ਼ੁਬਾਨੀ ਜਮ੍ਹਾਂ-ਖ਼ਰਚ ਹੀ ਹੋਵੇਗਾ। ਸ੍ਰੀਨੇਤ ਨੇ ਕਿਹਾ ਕਿ ਸਰਕਾਰ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਅਰਥਚਾਰੇ ’ਚ ਕੁਝ ਗੰਭੀਰ ਮੁਸ਼ਕਲਾਂ ਹਨ ਅਤੇ ਗਰੀਬੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਔਕਸਫੈਮ ਰਿਪੋਰਟ ਅਤੇ ਹੁਣ ਆਈਸੀਈ-360 ਨੇ ਸਪੱਸਟ ਕਿਹਾ ਹੈ ਕਿ ਅਮੀਰਾਂ ਅਤੇ ਗਰੀਬਾਂ ਵਿਚਕਾਰ ਪਾੜਾ ਲਗਾਤਾਰ ਵਧ ਰਿਹਾ ਹੈ। -ਪੀਟੀਆਈ