ਹਾਥਰਸ, 13 ਫਰਵਰੀ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਗਰੀਬਾਂ ਤੇ ਛੋਟੇ ਕਿਸਾਨਾਂ ਨੂੰ ਮੁਫ਼ਤ ਖਾਦ ਤੇ ਮੁਫ਼ਤ ਡੀਜ਼ਲ-ਪੈਟਰੋਲ ਦੇਣ ਦੇ ਵਾਅਦੇ ਨਾਲ ਸੱਤਾਧਾਰੀ ਭਾਜਪਾ ਨੂੰ ਹਰਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਲੋਕ ਸਪਾ ਗੱਠਜੋੜ ਦੀ ਮਦਦ ਕਰਨ। ਹਾਥਰਸ ਜ਼ਿਲ੍ਹੇ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਸਪਾ ਪ੍ਰਮੁੱਖ ਯਾਦਵ ਨੇ ਭਾਜਪਾ ਸਰਕਾਰ ਵਿਚ ਖਾਦ ਦੀ ਕਮੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਪਾ ਸਰਕਾਰ ਬਣੀ ਤਾਂ ਛੋਟੇ ਕਿਸਾਨਾਂ ਨੂੰ ਖਾਦ ਤੇ ਡੀਏਪੀ ਮੁਫ਼ਤ ਦਿੱਤੀ ਜਾਵੇਗੀ। ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਿਵਾਉਣ ਲਈ ਨਿਯਮ ਬਣਾ ਕੇ ਖਰੀਦ ਕੀਤੀ ਜਾਵੇਗੀ। ਅਖਿਲੇਸ਼ ਨੇ ਕਿਹਾ ਕਿ ਕਿਸਾਨ ਮਹਿੰਗਾਈ ਨਾਲ ਤਕਲੀਫ਼ ਵਿਚ ਹਨ, ਡੀਜ਼ਲ-ਪੈਟਰੋਲ ਮਹਿੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਸਨ ਕਿ ਹਵਾਈ ਚੱਪਲ ਵਾਲੇ ਹਵਾਈ ਜਹਾਜ਼ ਵਿਚ ਜਾਣਗੇ ਪਰ ਜਦ ਤੋਂ ਤੇਲ ਮਹਿੰਗਾ ਹੋਇਆ ਹੈ ਗਰੀਬਾਂ ਦੀ ਗੱਡੀ ਚੱਲਣੀ ਔਖੀ ਹੋ ਗਈ ਹੈ, ਉਨ੍ਹਾਂ ਦਾ ਤਾਂ ਮੋਟਰਸਾਈਕਲ ਵੀ ਨਹੀਂ ਚਲ ਪਾ ਰਿਹਾ ਹੈ। ਅਖਿਲੇਸ਼ ਨੇ ਕਿਹਾ ਕਿ ਸਪਾ ਨੇ ਤੈਅ ਕੀਤਾ ਹੈ ਕਿ ਪੈਟਰੋਲ ਵੀ ਮੁਫ਼ਤ ਦੇਣਾ ਪਵੇ ਤਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਪਾ ਦੀ ਸਰਕਾਰ ਬਣੀ ਤਾਂ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
ਅਖਿਲੇਸ਼ ਨੇ ਦਾਅਵਾ ਕੀਤਾ ਕਿ ਪਹਿਲੇ ਗੇੜ ਦੀਆਂ ਚੋਣਾਂ ਨਾਲ ਹੀ ਯੂਪੀ ਦਾ ਮਾਹੌਲ ਬਦਲ ਗਿਆ ਹੈ। ਸਪਾ ਆਗੂ ਨੇ ਗੱਠਜੋੜ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਜਦ ਤੋਂ ਸਾਈਕਲ ਤੇ ਹੈਂਡਪੰਪ ਨਾਲ-ਨਾਲ ਆਏ ਹਨ, ਭਾਜਪਾ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ।’