ਪਣਜੀ, 18 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ 71ਵੇਂ ਜਨਮਦਿਨ ’ਤੇ ਸ਼ੁੱਕਰਵਾਰ ਨੂੰ ਮੁਲਕ ’ਚ ਲੋਕਾਂ ਨੂੰ ਕੋਵਿਡ-19 ਟੀਕੇ ਦੀਆਂ 2.50 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਜੋ ਉਨ੍ਹਾਂ ਲਈ ਨਾ ਭੁੱਲਣਯੋਗ ਅਤੇ ਭਾਵੁਕ ਕਰ ਦੇਣ ਵਾਲਾ ਪਲ ਹੈ। ਸ੍ਰੀ ਮੋਦੀ ਨੇ ਕਿਸੇ ਪਾਰਟੀ ਦਾ ਨਾਮ ਲਏ ਬਿਨਾਂ ਕਿਹਾ ਕਿ ਉਨ੍ਹਾਂ ਦੇ ਜਨਮਦਿਨ ’ਤੇ ਟੀਕਿਆਂ ਦੀ ਢਾਈ ਕਰੋੜ ਤੋਂ ਵੱਧ ਖੁਰਾਕ ਦਿੱਤੇ ਜਾਣ ਮਗਰੋਂ ‘ਇਕ ਸਿਆਸੀ ਪਾਰਟੀ’ ਨੂੰ ਬੁਖ਼ਾਰ ਚੜ੍ਹ ਗਿਆ ਹੈ। ਉਨ੍ਹਾਂ ਕਿਹਾ,‘‘ਲੋਕ ਆਖਦੇ ਹਨ ਕਿ ਟੀਕਿਆਂ ਦੇ ਮਾੜੇ ਅਸਰ ਵਜੋਂ ਬੁਖ਼ਾਰ ਆਉਂਦਾ ਹੈ ਪਰ ਮੇਰੇ ਜਨਮਦਿਨ ’ਤੇ ਢਾਈ ਕਰੋੜ ਤੋਂ ਜ਼ਿਆਦਾ ਟੀਕੇ ਲੱਗਣ ’ਤੇ ਇਕ ਸਿਆਸੀ ਪਾਰਟੀ ਨੂੰ ਬੁਖ਼ਾਰ ਚੜ੍ਹ ਗਿਆ ਹੈ ਅਤੇ ਉਸ ਨੇ ਅੱਧੀ ਰਾਤ ਦੌਰਾਨ ਪ੍ਰਤੀਕਰਮ ਦਿੱਤਾ ਹੈ।’’ ਪ੍ਰਧਾਨ ਮੰਤਰੀ ਗੋਆ ਦੇ ਸਿਹਤ ਵਰਕਰਾਂ ਅਤੇ ਟੀਕਾਕਰਨ ਲਾਭਪਾਤਰੀਆਂ ਨਾਲ ਵੀਡੀਓ ਲਿੰਕ ਰਾਹੀਂ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿਹਤ ਵਰਕਰਾਂ ਅਤੇ ਲੋਕਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਵਿਸ਼ਵ ਰਿਕਾਰਡ ਬਣਿਆ ਹੈ ਜਿਸ ਨੂੰ ਦੁਨੀਆ ਦੇ ਤਾਕਤਵਰ ਦੇਸ਼ ਵੀ ਨਹੀਂ ਬਣਾ ਸਕੇ ਹਨ। ‘ਕੱਲ ਪ੍ਰਤੀ ਘੰਟੇ 15 ਲੱਖ ਅਤੇ ਪ੍ਰਤੀ ਮਿੰਟ 26 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲਗਾਏ ਗਏ। ਪ੍ਰਤੀ ਸਕਿੰਟ 425 ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲਗਾਏ ਗਏ।’ ਉਨ੍ਹਾਂ ਕਿਹਾ ਕਿ ਜਨਮਦਿਨ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਪਰ ਉਹ ਅਜਿਹੀਆਂ ਗੱਲਾਂ ਤੋਂ ਦੂਰ ਰਹੇ ਹਨ ਅਤੇ ਕੱਲ੍ਹ ਉਨ੍ਹਾਂ ਲਈ ਭਾਵੁਕ ਕਰ ਦੇਣ ਵਾਲਾ ਦਿਨ ਸੀ। -ਪੀਟੀਆਈ
ਕਾਸ਼ ਪ੍ਰਧਾਨ ਮੰਤਰੀ ਰੋਜ਼ ਹੀ ਆਪਣਾ ਜਨਮਦਿਨ ਮਨਾਉਣ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਜ਼ ਹੀ ਆਪਣਾ ਜਨਮਦਿਨ ਮਨਾਉਣਾ ਚਾਹੀਦਾ ਹੈ ਕਿਉਂਕਿ ਕੁਝ ਭਾਜਪਾ ਸ਼ਾਸਿਤ ਸੂਬੇ ਉਸ ਦਿਨ ਹਰਕਤ ’ਚ ਆਏ ਅਤੇ ਰੋਜ਼ਾਨਾ ਔਸਤ ਨਾਲੋਂ ਕਈ ਗੁਣਾ ਵੱਧ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲੱਗੇ। ਕਾਂਗਰਸ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਦੇਸ਼ ’ਚ ਢਾਈ ਕਰੋੜ ਤੋਂ ਜ਼ਿਆਦਾ ਟੀਕੇ ਲਗਾਉਣ ਦਾ ਰਿਕਾਰਡ ਬਣਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ’ਚ ਇਸੇ ਰਫ਼ਤਾਰ ਨਾਲ ਟੀਕੇ ਲਗਣੇ ਚਾਹੀਦੇ ਹਨ। ਪਾਰਟੀ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਢਾਈ ਕਰੋੜ ਟੀਕੇ ਲਗਾਉਣ ਲਈ ਪ੍ਰਧਾਨ ਮੰਤਰੀ ਦੇ ਜਨਮਦਿਨ ਤੱਕ ਕਿਉਂ ਉਡੀਕ ਕਰਨੀ ਪਈ। ‘ਜੇ ਪ੍ਰਧਾਨ ਮੰਤਰੀ ਦਾ ਜਨਮਦਿਨ 31 ਦਸੰਬਰ ਨੂੰ ਹੁੰਦਾ ਤਾਂ ਕੀ ਢਾਈ ਕਰੋੜ ਟੀਕੇ ਇਕ ਦਿਨ ’ਚ ਲਗਾਉਣ ਲਈ ਸਾਲ ਦੇ ਆਖਰੀ ਦਿਨ ਤੱਕ ਉਡੀਕ ਕਰਨੀ ਪੈਂਦੀ।’ ਇਕ ਹੋਰ ਟਵੀਟ ’ਚ ਚਿਦੰਬਰਮ ਨੇ ਕਿਹਾ ਕਿ ਇਕ ਤਿਹਾਈ ਆਬਾਦੀ ਨੂੰ ਅਜੇ ਪਹਿਲਾ ਟੀਕਾ ਲੱਗਣਾ ਬਾਕੀ ਹੈ ਅਤੇ ਸਿਰਫ਼ 21 ਫ਼ੀਸਦ ਦਾ ਮੁਕੰਮਲ ਟੀਕਾਕਰਨ ਹੋਇਆ ਹੈ। -ਪੀਟੀਆਈ