ਬਾਂਦੀਪੋਰਾ, 13 ਸਤੰਬਰ
ਅਤਿਵਾਦ ਪ੍ਰਭਾਵਿਤ ਬਾਂਦੀਪੋਰਾ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਸਿਆਸੀ ਰੈਲੀ ਕਰ ਰਹੇ ਸਾਬਕਾ ਵਿਧਾਇਕ ਅਤੇ ‘ਜੇਕੇ ਅਪਨੀ ਪਾਰਟੀ’ ਦੇ ਮੋਢੀ ਮੈਂਬਰ ਉਸਮਾਨ ਮਾਜਿਦ ਨੇ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਰਾਂ ਨੂੰ ਪਿਛਲੇ ਸਾਲ ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਮਗਰੋਂ ਬਦਲੀ ਸਥਿਤੀ ਬਾਰੇ ਸੱਚ ਦੱਸਣ ਅਤੇ ਪੂਰਾ ਹੋਣ ਵਾਲਾ ਵਾਅਦਾ ਹੀ ਕਰਨ। ਇੱਥੇ ਉਤਰੀ ਕਸ਼ਮੀਰ ਵਿੱਚ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਾਜਿਦ ਨੇ ਕਿਹਾ ਕਿ ‘ਜੇਕੇ ਅਪਨੀ ਪਾਰਟੀ’ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਅਤੇ ਕੇਂਦਰੀ ਸ਼ਾਸਿਤ ਵਿੱਚ ਵਧੇਰੇ ਵਿਕਾਸਮੁਖੀ ਕੰਮ ਕਰਵਾਉਣ ਲਈ ਯਤਨਸ਼ੀਲ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਦਿਆਂ ਇਸ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ। ਬਾਂਦੀਪੋਰ ਤੋਂ ਦੋ ਵਾਰ ਵਿਧਾਇਕ ਰਹੇ ਅਤੇ ਆਪਣੀ ਪਾਰਟੀ ਦੇ ਮੀਤ ਪ੍ਰਧਾਨ ਮਾਜਿਦ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਝੂਠ ਅਤੇ ਫਰੇਬ ਦੀ ਸਿਆਸਤ ਚੱਲ ਰਹੀ ਹੈ, ਜਿਸ ਨੂੰ ਬਦਲਣ ਦੀ ਲੋੜ ਹੈ। ਸ੍ਰੀਨਗਰ ਤੋਂ 66 ਕਿਲੋਮੀਟਰ ਦੂਰ ਇੱਥੇ ਸਮਾਗਮ ਦੌਰਾਨ ਮਾਜਿਦ ਨੇ ਕਿਹਾ, ‘‘ਮੈਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਚ ਬੋਲਣ ਅਤੇ ਉਹੀ ਵਾਅਦਾ ਕਰਨ ਦੀ ਅਪੀਲ ਕਰਦਾ ਹਾਂ, ਜੋ ਉਹ ਪੂਰਾ ਕਰ ਸਕਦੀਆਂ ਹੋਣ।’’ ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਪੀਡੀਪੀ ਨੇ ਮੁੱਦਿਆਂ ’ਤੇ ਸਿਆਸਤ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ। -ਪੀਟੀਆਈ