ਨਵੀਂ ਦਿੱਲੀ, 3 ਸਤੰਬਰ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ਵਿੱਚ ਆਪਣੀ 5 ਸਤੰਬਰ ਦੀ ਰੈਲੀ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਨੂੰ ਚੋਣ ਪ੍ਰਚਾਰ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਇਸ ਨੂੰ ‘‘ਕਿਸਾਨ ਵਿਰੋਧੀ ਸਾਜ਼ਿਸ਼’’ ਕਰਾਰ ਦਿੱਤਾ ਹੈ। ਅੰਦੋਲਨ ਕਰ ਰਹੀਆਂ ਕਿਸਾਨ ਯੂਨੀਅਨਾਂ ਦੀ ਸਾਂਝੀ ਜਥੇਬੰਦੀ ਨੇ ਕਿਹਾ ਕਿ ‘‘ਚੋਣ ਪ੍ਰਚਾਰ’’ ਕਿਸਾਨਾਂ ਵੱਲੋਂ ਕਈ ਮਹੀਨਿਆਂ ਤੋਂ ਕੀਤੇ ਜਾ ਰਹੇ ਅਹਿਮ ਸੰਘਰਸ਼ ਤੋਂ ਧਿਆਨ ਭਟਕਾਏਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਤੋਂ ਹੀ ਪੰਜਾਬ ਵਿਚ ਚੋਣ ਸਰਗਰਮੀਆਂ ਨਾ ਆਰੰਭਣ, ਤਾਂ ਕਿਸਾਨ ਅੰਦੋਲਨ ਤੋਂ ਧਿਆਨ ਨਾ ਭਟਕੇ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, ‘ਆਮ ਤੌਰ ’ਤੇ, ਚੋਣਾਂ ਨਾਲ ਸਬੰਧਤ ਪ੍ਰਚਾਰ ਚੋਣਾਂ ਦੀਆਂ ਤਰੀਕਾਂ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੁੰਦਾ ਹੈ, ਜਦੋਂ ਕਿ ਹੁਣ ਸਾਨੂੰ ਵੱਖੋ-ਵੱਖ ਪਾਰਟੀਆਂ ਵੱਲੋਂ ਇੱਕ ਗ਼ੈਰਸਧਾਰਨ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ, ਜੋ ਪਹਿਲਾਂ ਹੀ ਬਿਨਾਂ ਕਿਸੇ ਕਾਰਨ ਦੇ ‘ਚੋਣ ਰੌਂਅ’ ਵਿੱਚ ਆ ਰਹੀਆਂ ਹਨ।’ ਮੋਰਚੇ ਨੇ ਕਿਹਾ, ‘ਅਸੀਂ ਇਸ ਤੋਂ ਸਿਰਫ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਇਹ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਮਹੱਤਵਪੂਰਨ ਸੰਘਰਸ਼ ਤੋਂ ਧਿਆਨ ਭਟਕਾਉਣ ਅਤੇ ਹਟਾਉਣ ਦੀ ਕਿਸਾਨ ਵਿਰੋਧੀ ਸਾਜ਼ਿਸ਼ ਹੈ।’ ਆਗੂਆਂ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ, ਜੇਕਰ ਉਹ ਅਸਲ ਵਿੱਚ ਕਿਸਾਨ ਦੇ ਸੰਘਰਸ਼ ਦੇ ਸਮਰਥਨ ਵਿੱਚ ਹਨ ਤਾਂ ਉਨ੍ਹਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਰਹਿਣਾ ਚਾਹੀਦਾ ਹੈ। -ਪੀਟੀਆਈ