ਲਖਨਊ, 17 ਅਗਸਤ
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਬਿਹਾਰ ਵਿਚਲੇ ਸਿਆਸੀ ਘਟਨਾਕ੍ਰਮ ਦਾ 2024 ਦੀਆਂ ਆਮ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕੋਈ ਵੀ ਅਸਰ ਨਹੀਂ ਪਵੇਗਾ। ਉਨ੍ਹਾਂ ਪੂਰੇ ਭਰੋਸੇ ਨਾਲ ਕਿਹਾ ਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਗੜ੍ਹਾਂ ਵਿੱਚ ਭਾਜਪਾ ਜਿੱਤ ਹਾਸਲ ਕਰੇਗੀ। ਵਿਰੋਧੀ ਗੜਜੋੜ ਵੱਲੋਂ ਚੁਣੌਤੀ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਵਿੱਚ ਵੀ ਅਜਿਹੀਆਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਭਾਜਪਾ ਨਾਲ ‘ਵਿਸ਼ਵਾਸਘਾਤ’ ਨੂੰ ਲੈ ਕੇ ਉਨ੍ਹਾਂ ’ਤੇ ਵਰ੍ਹਦਿਆਂ ਮੌਰਿਆ ਨੇ ਕਿਹਾ ਕਿ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਕਾਂਗਰਸ ਨਾਲ ਹੱਥ ਮਿਲਾ ਕੇ ਉਨ੍ਹਾਂ (ਨਿਤੀਸ਼ ਕੁਮਾਰ) ਨੇ ਖ਼ੁਦ ਨੂੰ ਮੁਸ਼ਕਲ ਸਥਿਤੀ ਵਿੱਚ ਫਸਾ ਲਿਆ ਹੈ। ਮੌਰਿਆ ਨੇ ਕਿਹਾ, ‘‘ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਹੱਦ ਆਪਸ ਵਿੱਚ ਨਹੀਂ ਲੱਗਦੀ। ਜਦੋਂ (ਜੇਡੀਯੂੁ ਦਾ) ਭਾਜਪਾ ਨਾਲ (ਉੱਤਰ ਪ੍ਰਦੇਸ਼ ਵਿੱਚ) ਕੋਈ ਗੱਠਜੋੜ ਨਹੀਂ ਸੀ… ਨਿਤੀਸ਼ ਜੀ ਨੇ ਆਪਣਾ ਪੂਰਾ ਜ਼ੋਰ ਲਾਇਆ ਅਤੇ ਕੁਝ ਉਮੀਦਵਾਰ ਮੈਦਾਨ ਵਿੱਚ ਉਤਾਰੇ ਪਰ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।’’ -ਪੀਟੀਆਈ