ਸ਼ਿਮਲਾ, 1 ਮਾਰਚ
ਹਿਮਾਚਲ ਪ੍ਰਦੇਸ਼ ’ਚ ਹੁਕਮਰਾਨ ਧਿਰ ਕਾਂਗਰਸ ਦਾ ਭਾਵੇਂ ਸਿਆਸੀ ਸੰਕਟ ਟਲ ਗਿਆ ਹੋਵੇ ਪਰ ਪਾਰਟੀ ਦੇ ਬਾਗ਼ੀ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਬੇ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਅੱਜ ਦਿੱਲੀ ਜਾਣ ਸਮੇਂ ਪੰਚਕੂਲਾ ’ਚ ਪਾਰਟੀ ਦੇ ਅਯੋਗ ਠਹਿਰਾਏ ਗਏ ਛੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਵਿਕਰਮਾਦਿੱਤਿਆ ਵੱਲੋਂ ਦਿੱਲੀ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਵਿਕਰਮਾਦਿੱਤਿਆ ਸਿੰਘ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਕਾਂਗਰਸ ਦੇ ਕੁਝ ਬਾਗ਼ੀਆਂ ਨੇ ‘ਘਰ ਵਾਪਸੀ’ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ‘ਮੈਂ ਵਿਕਰਮਾਦਿੱਤਿਆ ਸਿੰਘ ਨੂੰ ਕਿਹਾ ਕਿ ਉਹ ਬਾਗ਼ੀ ਵਿਧਾਇਕਾਂ ਅਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨਾਲ ਗੱਲਬਾਤ ਕਰਨ। ਇਨ੍ਹਾਂ ਬਾਗ਼ੀ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਹ ਕਾਂਗਰਸ ’ਚ ਰਹਿਣਾ ਚਾਹੁੰਦੇ ਹਨ।’ ਹਿਮਾਚਲ ਦੀ ਕਾਂਗਰਸ ਸਰਕਾਰ ’ਤੇ ਕੋਈ ਖ਼ਤਰਾ ਨਾ ਹੋਣ ਦਾ ਦਾਅਵਾ ਕਰਦਿਆਂ ਸੁੱਖੂ ਨੇ ਕਿਹਾ ਕਿ ਖੜਗੇ ਅਤੇ ਵਿਕਰਮਾਦਿੱਤਿਆ ਸਿੰਘ ਦੀ ਮੁਲਾਕਾਤ ਮਗਰੋਂ ਦੇਖਣਾ ਹੋਵੇਗਾ ਕਿ ਕੀ ਕੁਝ ਵਾਪਰਦਾ ਹੈ। ਵਿਕਰਮਾਦਿੱਤਿਆ ਸਿੰਘ ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਸ਼ਨਿਚਰਵਾਰ ਨੂੰ ਮੁਲਾਕਾਤ ਕਰਨਗੇ। ਕਾਂਗਰਸ ਦੇ ਛੇ ਬਾਗ਼ੀਆਂ ਨੇ ਰਾਜ ਸਭਾ ਚੋਣ ਦੌਰਾਨ ਕਰਾਸ ਵੋਟਿੰਗ ਕਰਦਿਆਂ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ’ਚ ਵੋਟ ਪਾਈ ਸੀ ਜਿਸ ਕਾਰਨ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਹਾਰ ਗਏ ਸਨ। ਕਾਂਗਰਸ ਹਾਈ ਕਮਾਨ ਨੇ ਸਿਆਸੀ ਸੰਕਟ ਸੁਲਝਾਉਣ ਲਈ ਅਬਜ਼ਰਵਰ ਭੇਜੇ ਸਨ। ਸਪੀਕਰ ਕੁਲਦੀਪ ਪਠਾਨੀਆ ਨੇ ਪਾਰਟੀ ਵਿੱਪ੍ਹ ਦੀ ਉਲੰਘਣਾ ਕਰਨ ’ਤੇ ਛੇ ਵਿਧਾਇਕਾਂ ਨੂੰ ਅਯੋਗ ਠਹਿਰਾ ਦਿੱਤਾ ਸੀ। -ਪੀਟੀਆਈ
ਕੁਝ ਕਾਂਗਰਸੀ ਵਿਧਾਇਕਾਂ ਨੇ ਆਪਣੀ ਜ਼ਮੀਰ ਵੇਚੀ: ਸੁੱਖੂ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕੁਝ ਕਾਂਗਰਸੀ ਵਿਧਾਇਕਾਂ ਨੇ ਆਪਣੀ ਜ਼ਮੀਰ ਵੇਚ ਕੇ ਅਤੇ ਪਾਰਟੀ ਅਸੂਲਾਂ ਖ਼ਿਲਾਫ਼ ਜਾ ਕੇ ਰਾਜ ਸਭਾ ਚੋਣ ’ਚ ਵੋਟਿੰਗ ਕੀਤੀ ਜਿਸ ਦਾ ਰੱਬ ਜਵਾਬ ਲਵੇਗਾ। ਸੋਲਨ ਜ਼ਿਲ੍ਹੇ ਦੇ ਕਸੌਲੀ ਵਿਧਾਨ ਸਭਾ ਹਲਕੇ ਦੇ ਧਰਮਪੁਰ ’ਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸੁੱਖੂ ਨੇ ਕਿਹਾ,‘‘ਜਿਹੜੇ ਆਗੂਆਂ ਨੇ ਪਾਰਟੀ ਨਾਲ ਧੋਖਾ ਕੀਤਾ ਅਤੇ ਲੋਕਾਂ ਦੀ ਭਾਵਨਾਵਾਂ ਨਾਲ ਖੇਡੇ, ਉਨ੍ਹਾਂ ਨੂੰ ਰੱਬ ਵੀ ਨਹੀਂ ਬਖ਼ਸ਼ੇਗਾ।’’ ਸੁੱਖੂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਭਲਾਈ ਯੋਜਨਾਵਾਂ ਸ਼ੁਰੂ ਕੀਤੇ ਜਾਣ ਤੋਂ ਦੁਖੀ ਸਨ ਜਿਸ ਕਾਰਨ ਉਨ੍ਹਾਂ ਕਾਂਗਰਸ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। ਪੰਜ ਸਾਲ ਸਰਕਾਰ ਚਲਾਉਣ ਦਾ ਦਾਅਵਾ ਕਰਦਿਆਂ ਸੁੱਖੂ ਨੇ ਕਿਹਾ ਕਿ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਉਨ੍ਹਾਂ ਖ਼ਿਲਾਫ਼ ਘੜੀਆਂ ਜਾਣ, ਉਹ ਡਰਨ ਵਾਲੇ ਨਹੀਂ ਹਨ। -ਪੀਟੀਆਈ
ਜੇ ਸਮੇਂ ਸਿਰ ਵਿਧਾਇਕਾਂ ਦੇ ਮਸਲੇ ਹੱਲ ਹੋ ਜਾਂਦੇ ਤਾਂ ਸੰਕਟ ਨਾ ਆਉਂਦਾ: ਪ੍ਰਤਿਭਾ ਸਿੰਘ
ਸ਼ਿਮਲਾ: ਸੁੱਖੂ ਸਰਕਾਰ ਦਾ ਸੰਕਟ ਹੱਲ ਹੋਣ ਦਾ ਦਾਅਵਾ ਕਰਨ ਦੇ ਇਕ ਦਿਨ ਮਗਰੋਂ ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਪ੍ਰਤਿਭਾ ਸਿੰਘ ਨੇ ਕਿਹਾ ਕਿ ਜੇਕਰ ਵਿਧਾਇਕਾਂ ਦੇ ਮਸਲੇ ਸਮੇਂ ਸਿਰ ਹੱਲ ਹੋ ਜਾਂਦੇ ਤਾਂ ਪਾਰਟੀ ਦੇ ਸਿਆਸੀ ਸੰਕਟ ਨੂੰ ਟਾਲਿਆ ਜਾ ਸਕਦਾ ਸੀ। ਪ੍ਰਤਿਭਾ ਨੇ ਕਿਹਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਖ਼ਿਲਾਫ਼ ਪਾਰਟੀ ’ਚ ਨਾਰਾਜ਼ਗੀ ਸੀ ਕਿਉਂਕਿ ਜਿਹੜੇ ਆਗੂਆਂ ਨੇ ਕਾਂਗਰਸ ਦੀ ਚੋਣਾਂ ’ਚ ਜਿੱਤ ਯਕੀਨੀ ਬਣਾਈ ਸੀ, ਉਨ੍ਹਾਂ ਨੂੰ 14 ਮਹੀਨਿਆਂ ਬਾਅਦ ਵੀ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਲਗਾਤਾਰ ਆਖ ਰਹੇ ਸਨ ਕਿ ਇਨ੍ਹਾਂ ਆਗੂਆਂ ਨੂੰ ਅਹੁਦੇ ਦਿੱਤੇ ਜਾਣ ਪਰ ਕੁਝ ਵੀ ਨਹੀਂ ਕੀਤਾ ਗਿਆ। -ਪੀਟੀਆਈ