ਨਵੀਂ ਦਿੱਲੀ, 5 ਦਸੰਬਰ
ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਭ੍ਰਿਸ਼ਟਾਚਾਰ ਨੇ ਜਮਹੂਰੀਅਤ ਦਾ ਦਿਲ ਜ਼ਖ਼ਮੀ ਕਰ ਰੱਖਿਆ ਹੈ ਅਤੇ ਉਨ੍ਹਾਂ ਇਸ ਪ੍ਰਤੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ੀ ਸਿਵਲ ਨੌਕਰਸ਼ਾਹਾਂ ਤੇ ਲੋਕ ਨੁਮਾਇੰਦਿਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਸਖਤ ਤੇ ਸਮਾਂਬੱਧ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। ਨਾਇਡੂ ਨੇ ਨੌਕਰਸ਼ਾਹਾਂ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਦਾ ਜਲਦ ਨਬਿੇੜਾ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉੱਪ ਰਾਸ਼ਟਰਪਤੀ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੋ ਅਧਿਕਾਰੀ ਢੁੱਕਵੀਂ ਕਾਰਵਾਈ ਕਰਦੇ ਹਨ ਉਨ੍ਹਾਂ ਦਾ ਹੌਸਲਾ ਨਹੀਂ ਢਾਹੁਣਾ ਚਾਹੀਦਾ ਜਾਂ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
ਉੱਪ ਰਾਸ਼ਟਰਪਤੀ ਸਕੱਤਰੇਤ ਵੱਲੋਂ ਜਾਰੀ ਬਿਆਨ ਅਨੁਸਾਰ, ‘ਭ੍ਰਿਸ਼ਟ ਸਿਵਲ ਨੌਕਰਸ਼ਾਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਪਰ ਸਾਨੂੰ ਲੋਕ ਹਿੱਤ ’ਚ ਕੰਮ ਕਰਨ ਵਾਲੇ ਅਧਿਕਾਰੀਆਂ ਦੇ ਦਲੇਰਾਨਾ ਫ਼ੈਸਲੇ ਲੈਣ ਨੂੰ ਹੌਸਲੇ ਨੂੰ ਢਹਿ-ਢੇਰੀ ਨਹੀਂ ਹੋਣ ਦੋਣਾ ਚਾਹੀਦਾ।’ ਨਾਇਡੂ ਨੇ ਇਹ ਗੱਲਾਂ ਸਾਬਕਾ ਕੈਬਨਿਟ ਸਕੱਤਰ ਤੇ ਝਾਰਖੰਡ ਦੇ ਸਾਬਕਾ ਰਾਜਪਾਲ ਪ੍ਰਭਾਤ ਕੁਮਾਰ ਦੀ ਪੁਸਤਕ ਰਿਲੀਜ਼ ਕਰਨ ਮੌਕੇ ਕਹੀਆਂ। ਉੱਪ ਰਾਸ਼ਟਰਪਤੀ ਨੇ ਕਿਹਾ ਕਿ ਇਮਾਨਦਾਰ ਸਿਵਲ ਨੌਕਰਸ਼ਾਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਤੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਹੁਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਨੌਜਵਾਨ ਅਧਿਕਾਰੀਆਂ ਲਈ ਹੌਸਲਾ ਹੋਵੇਗਾ ਬਲਕਿ ਉਹ ਹੋਰ ਚੰਗਾ ਕੰਮ ਕਰਨ ਲਈ ਵੀ ਪ੍ਰੇਰਿਤ ਹੋਣਗੇ। -ਪੀਟੀਆਈ