ਨਵੀਂ ਦਿੱਲੀ, 14 ਅਪਰੈਲ
ਨੀਤੀ ਆਯੋਗ ਗਊਆਂ ਦੇ ਗੋਬਰ ਦੇ ਵਪਾਰਕ ਇਸਤੇਮਾਲ ਅਤੇ ਕਿਸਾਨਾਂ ਲਈ ਬੋਝ ਬਣਨ ਵਾਲੇ ਲਾਵਾਰਿਸ ਪਸ਼ੂਆਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਨੂੰ ਹੱਲ ਕਰਨ ਲਈ ਇਕ ਯੋਜਨਾ ’ਤੇ ਕੰਮ ਕਰ ਰਿਹਾ ਹੈ। ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ, ‘‘ਅਸੀਂ ਗਊਸ਼ਾਲਾ ਅਰਥਚਾਰੇ ਵਿੱਚ ਸੁਧਾਰ ਕਰਨ ਦੇ ਇੱਛੁਕ ਹਾਂ।’’ ਆਯੋਗ ਨੇ ਆਰਥਿਕ ਖੋਜ ਸੰਸਥਾ ਐੱਨਸੀਏਈਆਰ ਨੂੰ ਗਊਸ਼ਾਲਾਵਾਂ ਦੀ ਵਪਾਰਕ ਵਿਹਾਰਕਤਾ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਆਰਥਿਕ ਸਥਿਤੀ ’ਤੇ ਇਕ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਿਰਫ਼ ਇਹ ਦੇਖ ਰਹੇ ਹਾਂ ਕਿ ਗਊਸ਼ਾਲਾ ਅਰਥਵਿਵਸਥਾ ਵਿੱਚ ਸੁਧਾਰ ਦੀਆਂ ਕੀ ਸੰਭਾਵਨਾਵਾਂ ਹਨ..ਅਸੀਂ ਇਸ ਸੰਭਾਵਨਾ ਨੂੰ ਦੇਖ ਰਹੇ ਹਾਂ ਕਿ ਕੀ ਅਸੀਂ ਗਊਸ਼ਾਲਾਵਾਂ ਤੋਂ ਮਿਲਣ ਵਾਲੇ ਉਪ-ਉਤਪਾਦਾਂ ਮਤਲਬ ਗੋਬਰ ਨਾਲ ਕੁਝ ਕਮਾਈ ਕਰ ਸਕਦੇ ਹਾਂ।’’ ਸਰਕਾਰੀ ਖੋਜ ਸੰਸਥਾ ਵਿੱਚ ਖੇਤੀਬਾੜੀ ਸਬੰਧੀ ਨੀਤੀਆਂ ਦੀ ਦੇਖਰੇਖ ਕਰਨ ਵਾਲੇ ਰਮੇਸ਼ ਚੰਦ ਨੇ ਕਿਹਾ, ‘‘ਗਊ ਦੇ ਗੋਬਰ ਦਾ ਇਸਤੇਮਾਲ ਬਾਇਓ-ਸੀਐੱਨਜੀ ਬਣਾਉਣ ਲਈ ਕੀਤਾ ਜਾ ਸਕਦਾ ਹੈ…ਇਸ ਵਾਸਤੇ ਅਸੀਂ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰ ਰਹੇ ਹਾਂ।’’ -ਪੀਟੀਆਈ