ਭੋਪਾਲ, 2 ਜਨਵਰੀ
ਹੋਰ ਪੱਛੜੀਆਂ ਜਾਤਾਂ (ਓਬੀਸੀ) ਲਈ 27 ਫੀਸਦ ਰਾਖਵਾਂਕਰਨ ਦੀ ਮੰਗ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਯੋਜਨਾ ਬਣਾ ਰਹੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਤੇ ਹੋਰ ਦਰਜਨ ਭਰ ਵਿਅਕਤੀਆਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਹੈ। ਭੋਪਾਲ ਦੇ ਪੁਲੀਸ ਕਮਿਸ਼ਨਰ ਮਕਰੰਦ ਦਿਓਸਕਰ ਨੇ ਦੱਸਿਆ ਕਿ ਆਜ਼ਾਦ ਨੂੰ ਉਸ ਦੇ 12-13 ਸਾਥੀਆਂ ਸਮੇਤ ਹਵਾਈ ਅੱਡੇ ’ਤੇ ਪਹੁੰਚਣ ਸਮੇਂ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਿਰਾਸਤ ’ਚ ਲਏ ਗਏ ਵਿਅਕਤੀਆਂ ਦੀ ਸਹੀ ਗਿਣਤੀ ਬਾਅਦ ਵਿੱਚ ਪਤਾ ਲੱਗੇਗੀ। ਉਨ੍ਹਾਂ 150 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ’ਚ ਲਏ ਜਾਣ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਸਾਰੇ ਰੌਸ਼ਨਪੁਰਾ ਚੌਕ ਵੱਲ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਸਨ। ਦੂਜੇ ਪਾਸੇ ਓਬੀਸੀ ਮਹਾ ਸਭਾ ਦੇ ਕੌਮੀ ਜਨਰਲ ਸਕੱਤਰ ਤੁਲਸੀਰਾਮ ਪਟੇਲ ਨੇ ਕਿਹਾ ਕਿ ਉਹ ਸਿਰਫ਼ ਮੁੱਖ ਮੰਤਰੀ ਨੂੰ ਸ਼ਾਂਤਮਈ ਢੰਗ ਨਾਲ ਮੰਗ ਪੱਤਰ ਸੌਂਪਣ ਜਾ ਰਹੇ ਸਨ। -ਪੀਟੀਆਈ