ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਅੱਜ ਇਕ ਪੁਲੀਸ ਕਰਮੀ ਦੀ ਉਸ ਦੇ ਘਰ ਵਿਚ ਹੱਤਿਆ ਕਰ ਦਿੱਤੀ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਕਾਂਸਟੇਬਲ ਰਿਆਜ਼ ਅਹਿਮਦ ਠੋਕਾਰ ਨੂੰ ਜ਼ਿਲ੍ਹੇ ਦੇ ਗੁਡੂਰਾ ਵਿਚ ਦਹਿਸ਼ਤਗਰਦਾਂ ਨੇ ਗੋਲੀ ਮਾਰ ਦਿੱਤੀ। ਜ਼ਖ਼ਮੀ ਪੁਲੀਸ ਮੁਲਾਜ਼ਮ ਨੂੰ ਤੁਰੰਤ ਫ਼ੌਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਪਿਛਲੇ 24 ਘੰਟਿਆਂ ਵਿਚ ਇਹ ਦੂਜਾ ਅਜਿਹਾ ਹਮਲਾ ਹੈ। ਲੰਘੇ ਦਿਨ ਅਤਿਵਾਦੀਆਂ ਨੇ ਬਡਗਾਮ ਵਿਚ ਇਕ ਸਰਕਾਰੀ ਮੁਲਾਜ਼ਮ ਕਸ਼ਮੀਰੀ ਪੰਡਿਤ ਦੀ ਦਫ਼ਤਰ ਵਿਚ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸੇ ਦੌਰਾਨ ਅੱਜ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਆਪਣੇ ਤਿੰਨ ਮੁਲਾਜ਼ਮਾਂ ਨੂੰ ਅਤਿਵਾਦੀਆਂ ਨਾਲ ਰਾਬਤਾ ਰੱਖਣ ਦੇ ਦੋਸ਼ ਹੇਠ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਵਿਚ ਕਸ਼ਮੀਰ ਯੂਨੀਵਰਸਿਟੀ ਦਾ ਇਕ ਪ੍ਰੋਫੈਸਰ ਤੇ ਪੁਲੀਸ ਕਾਂਸਟੇਬਲ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ ਇਕ ਕਮੇਟੀ ਦੀ ਸਿਫ਼ਾਰਿਸ਼ ਉਤੇ ਕੱਢਿਆ ਗਿਆ ਹੈ। ਇਹ ਕਮੇਟੀ ਸੰਵਿਧਾਨ ਦੀ ਧਾਰਾ 311 (2) (ਸੀ) ਤਹਿਤ ਬਣਾਈ ਗਈ ਸੀ। ਇਸ ਤਹਿਤ ਦੇਸ਼ ਦੀ ਸੁਰੱਖਿਆ ਖਾਤਰ ਕਿਸੇ ਨੂੰ ਬਿਨਾਂ ਜਾਂਚ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਕੱਢੇ ਜਾਣ ਵਾਲਿਆਂ ਵਿਚ ਕਸ਼ਮੀਰ ’ਵਰਸਿਟੀ ਦਾ ਕੈਮਿਸਟਰੀ ਦਾ ਪ੍ਰੋਫੈਸਰ ਅਲਤਾਫ਼ ਹੁਸੈਨ ਪੰਡਿਤ, ਸਕੂਲ ਸਿੱਖਿਆ ਵਿਭਾਗ ਵਿਚ ਅਧਿਆਪਕ ਮੁਹੰਮਦ ਮਕਬੂਲ ਹਜਾਮ ਤੇ ਜੰਮੂ ਕਸ਼ਮੀਰ ਪੁਲੀਸ ਦਾ ਕਾਂਸਟੇਬਲ ਗ਼ੁਲਾਮ ਰਸੂਲ ਸ਼ਾਮਲ ਹਨ। -ਪੀਟੀਆਈ