ਸ੍ਰੀਨਗਰ, 18 ਜੂਨ
ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਜ ਅਤਿਵਾਦੀਆਂ ਨੇ ਸਬ ਇੰਸਪੈਕਟਰ ਫਾਰੂਕ ਅਹਿਮਦ ਮੀਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਆਪਣੇ ਘਰ ਦੇ ਨੇੜੇ ਝੋਨੇ ਦੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਪੰਪੋਰ ਖੇਤਰ ਵਿੱਚ ਪੈਂਦੇ ਸੰਬੂਰਾ ਦੇ ਵਸਨੀਕ ਫਾਰੂਕ ਅਹਿਮਦ ਮੀਰ ਦੀ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਸ਼ਮੀਰ ਜ਼ੋਨ ਪੁਲੀਸ ਨੇ ਟਵਿੱਟਰ ’ਤੇ ਲਿਖਿਆ, ‘‘ਸੰਬੂਰਾ ਦੇ ਸਬ ਇੰਸਪੈਕਟਰ (ਐੱਮ) ਫਾਰੂਕ ਅਹਿਮਦ ਮੀਰ ਜੋ ਕਿ ਆਈਆਰਪੀ 23 ਬਟਾਲੀਅਨ ਵਿੱਚ ਤਾਇਨਾਤ ਸੀ, ਦੀ ਲਾਸ਼ ਉਸ ਦੇ ਘਰ ਨੇੜੇ ਝੋਨੇ ਦੇ ਖੇਤਾਂ ਵਿੱਚ ਪਈ ਮਿਲੀ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਕੱਲ੍ਹ ਸ਼ਾਮ ਨੂੰ ਉਹ ਆਪਣੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਘਰੋਂ ਨਿਕਲਿਆ ਸੀ, ਜਿੱਥੇ #ਅਤਿਵਾਦੀਆਂ ਨੇ ਪਿਸਤੌਲ ਨਾਲ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।’’ -ਪੀਟੀਆਈ
ਬਾਰੂਦੀ ਸੁਰੰਗ ਨਕਾਰਾ ਕੀਤੀ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਵਿੱਚ ਅੱਜ ਸੁਰੱਖਿਆ ਬਲਾਂ ਨੂੰ ਇਕ ਸ਼ੱਕੀ ਬਾਰੂਦੀ ਸੁਰੰਗ ਮਿਲੀ, ਜਿਸ ਨੂੰ ਨਕਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਲੰਗੇਟ ਇਲਾਕੇ ਵਿੱਚ ਗਣਪੋਰਾ ਕੋਲ ਹੰਦਵਾੜਾ-ਬਾਰਾਮੂਲਾ ਮਾਰਗ ’ਤੇ ਇਕ ਸ਼ੱਕੀ ਬਾਰੂਦੀ ਸੁਰੰਗ ਮਿਲੀ। ਮੌਕੇ ’ਤੇ ਪਹੁੰਚੇ ਬੰਬ ਨਿਰੋਧਕ ਦਸਤੇ ਨੇ ਸੁਰੰਗ ਨੂੰ ਨਕਾਰਾ ਕਰ ਦਿੱਤਾ। -ਪੀਟੀਆਈ