ਗਾਜ਼ੀਆਬਾਦ/ਰਾਏਪੁਰ, 5 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ‘ਗਲਤ ਸੰਦਰਭ’ ਵਿਚ ਦਿਖਾਉਂਦੇ ਹੋਏ ਇਕ ਖ਼ਬਰ ਪ੍ਰਸਾਰਿਤ ਕਰਨ ਦੇ ਮਾਮਲੇ ਵਿਚ ਟੈਲੀਵਿਜ਼ਨ ਐਂਕਰ ਰੋਹਿਤ ਰੰਜਨ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰਨ ਲਈ ਛੱਤੀਸਗੜ੍ਹ ਪੁਲੀਸ ਦੀ ਇਕ ਟੀਮ ਅੱਜ ਸਵੇਰੇ ਯੂਪੀ ਦੇ ਗਾਜ਼ੀਆਬਾਦ ਪਹੁੰਚੀ, ਪਰ ਐਂਕਰ ਨੂੰ ਨੋਇਡਾ ਪੁਲੀਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ। ਵੇਰਵਿਆਂ ਮੁਤਾਬਕ ਕਾਂਗਰਸ ਦੀ ਸੱਤਾ ਵਾਲੇ ਛੱਤੀਸਗੜ੍ਹ ਦੀ ਪੁਲੀਸ ਪ੍ਰਾਈਵੇਟ ਖ਼ਬਰ ਚੈਨਲ ‘ਜ਼ੀ ਨਿਊਜ਼’ ਦੇ ਐਂਕਰ ਰੰਜਨ ਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਸਥਿਤ ਘਰ ਤੜਕੇ ਪਹੁੰਚੀ ਤੇ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਪੁਲੀਸ ਟੀਮ ਇਸ ਤੋਂ ਕੁਝ ਘੰਟੇ ਬਾਅਦ ਐਂਕਰ ਦੇ ਘਰ ਪਹੁੰਚ ਗਈ। ਨੋਇਡਾ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ, ‘ਪਹਿਲੀ ਜੁਲਾਈ ਨੂੰ ਰੰਜਨ ਦੇ ਸ਼ੋਅ ਦੌਰਾਨ ਪ੍ਰਸਾਰਿਤ ਹੋਏ ਛੇੜਛਾੜ ਵਾਲੇ ਵੀਡੀਓ ਬਾਰੇ ਉਨ੍ਹਾਂ ਦੇ ਆਪਣੇ ਚੈਨਲ ਵੱਲੋਂ ਹੀ ਦਰਜ ਕਰਾਈ ਗਈ ਸ਼ਿਕਾਇਤ ਦੇ ਅਧਾਰ ਉਤੇ ਐਫਆਈਆਰ ਦਰਜ ਕੀਤੀ ਗਈ ਸੀ। ਇਸੇ ਐਫਆਈਆਰ ਦੇ ਸਬੰਧ ’ਚ ਨੋਇਡਾ ਸੈਕਟਰ 20 ਪੁਲੀਸ ਥਾਣੇ ਦੀ ਇਕ ਟੀਮ ਨੇ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਘਰੋਂ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।’ ਇਸੇ ਦੌਰਾਨ ਰਾਏਪੁਰ ਦੇ ਐੱਸਐੱਸਪੀ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਦੇਵੇਂਦਰ ਯਾਦਵ ਦੀ ਸ਼ਿਕਾਇਤ ਉਤੇ ਐਤਵਾਰ ਨੂੰ ਰੰਜਨ ਤੇ ‘ਜ਼ੀ ਨਿਊਜ਼’ ਦੇ ਹੋਰਾਂ ਮੁਲਾਜ਼ਮਾਂ ਖ਼ਿਲਾਫ਼ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਯਾਦਵ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਜਿਸ ਵੀਡੀਓ ਵਿਚ ਰਾਹੁਲ ਨੇ ਉਨ੍ਹਾਂ ਦੇ ਵਾਇਨਾਡ ਦਫ਼ਤਰ ਵਿਚ ਤੋੜ-ਭੰਨ੍ਹ ਕਰਨ ਵਾਲਿਆਂ ਨੂੰ ਬੱਚੇ ਦੱਸਿਆ ਸੀ ਤੇ ਕਿਹਾ ਸੀ ਕਿ ਉਨ੍ਹਾਂ ਦੇ ਮਨ ਵਿਚ ਉਨ੍ਹਾਂ ਲਈ ਕੋਈ ਮਾੜੀ ਭਾਵਨਾ ਨਹੀਂ ਹੈ, ਉਸ ਨੂੰ ਟੀਵੀ ਚੈਨਲ ਨੇ ਪਹਿਲੀ ਜੁਲਾਈ ਨੂੰ ‘ਸ਼ਰਾਰਤੀ ਢੰਗ ਨਾਲ ਇਸਤੇਮਾਲ ਕੀਤਾ ਤੇ ਅਜਿਹਾ ਦਿਖਾਇਆ ਕਿ ਰਾਹੁਲ ਉਦੈਪੁਰ ਵਿਚ ਦਰਜੀ ਕਨ੍ਹਈਆ ਲਾਲ ਦੇ ਹੱਤਿਆਰਿਆਂ ਨੂੰ ਮੁਆਫ਼ ਕਰਨ ਦੀ ਗੱਲ ਕਰ ਰਹੇ ਹਨ। ਰੰਜਨ ਦੇ ਖ਼ਿਲਾਫ਼ ਦਰਜ ਸ਼ਿਕਾਇਤ ਦੇ ਮਾਮਲੇ ਵਿਚ ਯੂਪੀ ਤੇ ਛੱਤੀਸਗੜ੍ਹ ਦੋਵਾਂ ਰਾਜਾਂ ਦੀ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੱਜ ਉਨ੍ਹਾਂ ਦੇ ਘਰ ਪਹੁੰਚ ਗਈ। ਰੰਜਨ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਰਾਜ ਦੀ ਪੁਲੀਸ ਨੂੰ ਟੈਗ ਕਰਦਿਆਂ ਟਵੀਟ ਕੀਤਾ, ‘ਛੱਤੀਸਗੜ੍ਹ ਪੁਲੀਸ ਸਥਾਨਕ ਪੁਲੀਸ ਨੂੰ ਜਾਣਕਾਰੀ ਦਿੱਤੇ ਬਿਨਾਂ ਮੈਨੂੰ ਗ੍ਰਿਫ਼ਤਾਰ ਕਰਨ ਲਈ ਮੇਰੇ ਘਰ ਦੇ ਬਾਹਰ ਖੜ੍ਹੀ ਹੈ, ਕੀ ਇਹ ਕਾਨੂੰਨੀ ਤੌਰ ਉਤੇ ਸਹੀ ਹੈ?’ ਰਾਏਪੁਰ ਪੁਲੀਸ ਨੇ ਰੰਜਨ ਨੂੰ ਜਵਾਬ ਦਿੰਦਿਆਂ ਟਵੀਟ ਕੀਤਾ, ‘ਸੂਚਿਤ ਕਰਨ ਦਾ ਕੋਈ ਨਿਯਮ ਨਹੀਂ ਹੈ। ਇਸ ਦੇ ਬਾਵਜੂਦ, ਹੁਣ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ। ਪੁਲੀਸ ਟੀਮ ਨੇ ਤੁਹਾਨੂੰ ਅਦਾਲਤ ਦਾ ਗ੍ਰਿਫ਼ਤਾਰੀ ਵਾਰੰਟ ਦਿਖਾਇਆ ਹੈ। ਤੁਹਾਨੂੰ ਜਾਂਚ ਵਿਚ ਸਹਿਯੋਗ ਕਰਨਾ ਚਾਹੀਦਾ ਹੈ ਤੇ ਅਦਾਲਤ ਵਿਚ ਆਪਣਾ ਬਚਾਅ ਕਰਨਾ ਚਾਹੀਦਾ ਹੈ।’ ਰਾਹੁਲ ਗਾਂਧੀ ਦੇ ਬਿਆਨ ਨੂੰ ‘ਗਲਤ ਸੰਦਰਭ’ ਵਿਚ ਦਿਖਾਉਣ ਦੇ ਮਾਮਲੇ ’ਚ ਰੰਜਨ ਵਿਰੁੱਧ ਰਾਏਪੁਰ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰੰਜਨ ਦੋ ਜੁਲਾਈ ਨੂੰ ਇਸ ਮਾਮਲੇ ਵਿਚ ਮੁਆਫ਼ੀ ਵੀ ਮੰਗ ਚੁੱਕੇ ਹਨ। ਰੰਜਨ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਦੇ ਸ਼ੋਅ ‘ਡੀਐੱਨਏ’ ਵਿਚ ਰਾਹੁਲ ਗਾਂਧੀ ਦਾ ਬਿਆਨ ਗਲਤ ਸੰਦਰਭ ਵਿਚ ਚੱਲ ਗਿਆ ਸੀ। ਇਹ ਇਕ ਮਨੁੱਖੀ ਭੁੱਲ ਸੀ ਜਿਸ ਦੇ ਲਈ ਟੀਮ ਮੁਆਫ਼ੀ ਮੰਗਦੀ ਹੈ ਤੇ ਉਨ੍ਹਾਂ ਨੂੰ ਇਸ ਦਾ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇਤਾਵਾਂ ਸਮੇਤ ਕਈ ਲੋਕਾਂ ਨੇ ਗਲਤ ਸੰਦਰਭ ਵਿਚ ਦਿਖਾਏ ਗਏ ਇਸ ਵੀਡੀਓ ਦਾ ਇਸਤੇਮਾਲ ਰਾਜਸਥਾਨ ਦੇ ਉਦੈਪੁਰ ਵਿਚ ਹੋਈ ਦਰਦਨਾਕ ਹੱਤਿਆ ਦੀ ਘਟਨਾ ਦੇ ਮੱਦੇਨਜ਼ਰ ਗਾਂਧੀ ਤੇ ਕਾਂਗਰਸ ਉਤੇ ਨਿਸ਼ਾਨਾ ਸੇਧਣ ਲਈ ਕੀਤਾ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਐਂਕਰ ਖ਼ਿਲਾਫ਼ ਛੱਤੀਸਗੜ੍ਹ, ਯੂਪੀ ਤੇ ਰਾਜਸਥਾਨ ਵਿਚ ਕਈ ਥਾਵਾਂ ਉਤੇ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਯਾਦਵ ਨੇ ‘ਜ਼ੀ ਨਿਊਜ਼’ ਦੇ ਡਾਇਰੈਕਟਰ, ਪ੍ਰਧਾਨ ਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਤੇ ਵੀ ਫ਼ਿਰਕੂ ਦੰਗੇ ਭੜਕਾਉਣ ਤੇ ਸਮਾਜਿਕ ਸਦਭਾਵ ਨੂੰ ਵਿਗਾੜਨ ਦੇ ਇਰਾਦੇ ਨਾਲ ਰਾਹੁਲ ਗਾਂਧੀ ਖ਼ਿਲਾਫ਼ ਫ਼ਰਜ਼ੀ ਖ਼ਬਰਾਂ ਚਲਾਉਣ ਦਾ ਦੋਸ਼ ਲਾਇਆ ਹੈ। -ਪੀਟੀਆਈ