ਨੰਦੀਗ੍ਰਾਮ, 30 ਮਾਰਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ਹਲਕੇ ਵਿੱਚ ਵੋਟਰਾਂ ਨੂੰ ਡਰਾਉਣ ਲਈ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਦੀ ਪੁਲੀਸ ਨੂੰ ਇੱਥੇ ਲਿਆਂਦਾ ਗਿਆ ਹੈ। ਉਨ੍ਹਾਂ ਭਾਜਪਾ ਦੇ ਮੰਤਰੀਆਂ ਤੇ ਸੁਰੱਖਿਆ ਬਲਾਂ ’ਤੇ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਵੰਡਣ ਦਾ ਦੋਸ਼ ਵੀ ਲਾਇਆ। ਆਪਣੀ ਵੀਲ੍ਹਚੇਅਰ ’ਤੇ ਹਲਕੇ ਦਾ ਚੱਕਰ ਲਾਉਂਦਿਆਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਟੀਐੱਮਸੀ ਸੁਪਰੀਮੋ ਨੇ ਸੋਨਾਚੁਰਾ ’ਚ ਦੋਸ਼ ਲਾਇਆ ਕਿ ਮੁਲਕ ਭਰ ’ਚੋਂ ਵੱਡੀ ਮਾਤਰਾ ’ਚ ਪੈਸੇ ਲਿਆਂਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਭਾਜਪਾ ਉਮੀਦਵਾਰ ਦੇ ਪੱਖ ’ਚ ਵੋਟ ਪਾਉਣ ਲਈ ਭਰਮਾਉਣ ਵਾਸਤੇ (ਭਾਜਪਾ) ਮੰਤਰੀਆਂ ਵੱਲੋਂ ਹੋਟਲਾਂ ਰਾਹੀਂ ਵੰਡੇ ਜਾ ਰਹੇ ਹਨ। ਉਨ੍ਹਾਂ ਸੂਬੇ ਵਿੱਚ ਸੱਤਾ ’ਚ ਆਉਣ ਲਈ ਭਾਜਪਾ ’ਤੇ ਸਾਰੇ ਨਿਯਮ ਛਿੱਕੇ ਟੰਗਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਬਾਰੇ ਚੋਣ ਕਮਿਸ਼ਨ ਨੂੰ ਦੱਸਿਆ ਹੈ ਪਰ ਇਹ ਸਭ ਕੁਝ ਅਜੇ ਵੀ ਚੱਲ ਰਿਹਾ ਹੈ। ਬਾਸੁਲੀਚੱਕ ’ਚ ਦੂਜੀ ਮੀਟਿੰਗ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਵੰਡਣ ਦਾ ਕੰਮ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਦੇ ਕਈ ਮੰਤਰੀ ਤੇ ਕਈ ਕੇਂਦਰੀ ਮੰਤਰੀ ਕਰ ਰਹੇ ਹਨ। ਉਨ੍ਹਾਂ ਕਿਹਾ,‘ਕੇਂਦਰੀ ਗ੍ਰਹਿ ਮੰਤਰੀ ਦੇ ਕਾਫ਼ਲੇ ’ਚ 100 ਤੋਂ ਵੱਧ ਕਾਰਾਂ ਕਿਉਂ ਹਨ ਜਦਕਿ ਚੋਣਾਂ ਦੌਰਾਨ ਕਾਫ਼ਲੇ ਵਿੱਚ 5 ਤੋਂ ਵੱਧ ਵਾਹਨਾਂ ਦੀ ਆਗਿਆ ਨਹੀਂ ਹੈ।’ ਆਪਣੀ ਸੀਟ ਅਤੇ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕਰਦਿਆਂ ਉਨ੍ਹਾਂ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ (ਬਾਹਰੋਂ ਆਈ ਪੁਲੀਸ) ਇੱਥੇ ਕੁਝ ਦਿਨਾਂ ਲਈ ਹਨ। ਕੋਈ ਗਲਤੀ ਨਾ ਕਰੋ। ਅਸੀਂ ਵਾਪਸ ਆਵਾਂਗੇ ਤੇ ਧੋਖੇਬਾਜ਼ਾਂ ਨੂੰ ਜੁਆਬ ਦੇਵਾਂਗੇ।’ ਉਨ੍ਹਾਂ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਦੰਗੇ ਭੜਕਾਉਣ ਦੀ ਕੋਸ਼ਿਸ਼ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। -ਪੀਟੀਆਈ