ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਪੁਲੀਸ ਵੱਲੋਂ ਟਿਕਰੀ ਤੇ ਗਾਜ਼ੀਪੁਰ ਵਿੱਚ ਕਿਸਾਨਾਂ ਦੇ ਧਰਨਿਆਂ ਵਾਲੀ ਥਾਵਾਂ ਤੋਂ ਬੈਰੀਕੇਡਿੰਗ ਹਟਾਏ ਜਾਣ ਦਾ ਅਮਲ ਸ਼ੁਰੂ ਕਰਨ ਮਗਰੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਯੂੁਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਇਸ ਪੇਸ਼ਕਦਮੀ ਨਾਲ ਉਨ੍ਹਾਂ ਦੇ ਇਸ ਦਾਅਵੇ ਦੀ ਪੁਸ਼ਟੀ ਹੋ ਗਈ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਸੜਕਾਂ ਕਿਸਾਨਾਂ ਨੇ ਨਹੀਂ ਰੋਕ ਰੱਖੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਦੋਵਾਂ ਥਾਵਾਂ ’ਤੇ ਸੜਕਾਂ ਨੂੰ ਮੁਕੰਮਲ ਰੂਪ ਵਿੱਚ ਖਾਲੀ ਕਰਨ, ਦਿੱਲੀ ਵੱਲ ਅੱਗੇ ਵਧਣ ਤੇ ਕਿਸਾਨ ਅੰਦੋਲਨ ਦੀ ਭਵਿੱਖੀ ਰਣਨੀਤੀ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਰਾਹ ਬਣਾ ਦਿੱੱਤਾ ਜਾਵੇਗਾ। ਕਿਸਾਨ ਆਗੂਆਂ ਨੇ ਆਸ ਜਤਾਈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੇ ਜਮੂਦ ਨੂੰ ਤੋੜਨ ਲਈ ਕਿਸਾਨਾਂ ਨੂੰ ਸੰਵਾਦ ਲਈ ਸੱਦੇਗੀ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮਗਰੋਂ ਸੜਕਾਂ ਨੂੰ ਹੁਣ ਖੋਲ੍ਹਿਆ ਜਾ ਰਿਹਾ ਹੈ। ਸੀਨੀਅਰ ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਡਾ.ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ਖਿਲਾਫ਼ ਝੂਠੇ ਦੋਸ਼ ਲਾਏ ਗਏ ਕਿ ਉਨ੍ਹਾਂ ਸੜਕਾਂ ਜਾਮ ਕੀਤੀਆਂ ਹੋਈਆਂ ਹਨ, ਹਾਲਾਂਕਿ ਅਸੀਂ ਪਹਿਲੇ ਦਿਨ ਤੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਆਏ ਹਾਂ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ ਇਥੇ ਸੜਕ ਦਾ ਉਹ ਹਿੱਸਾ ਘੇਰ ਰੱਖਿਆ, ਜੋ ਕਿ ਫਲਾਈਓਵਰ ਦੀ ਉਸਾਰੀ ਕਰਕੇ ਪਹਿਲਾਂ ਹੀ ਵਾਹਨਾਂ ਦੀ ਆਵਾਜਾਈ ਲਈ ਬੰਦ ਹੈ। ਡਾ.ਦਰਸ਼ਨ ਪਾਲ ਨੇ ਕਿਹਾ, ‘‘ਪੁਲੀਸ ਵੱਲੋਂ ਬੈਰੀਕੇਡਿੰਗ ਹਟਾਉਣ ਦੇ ਅਮਲ ਤੋਂ ਹੁਣ ਸਾਡੀ ਉਹ ਦਲੀਲ ਸਾਬਤ ਹੋ ਗਈ ਹੈ ਕਿ ਸੜਕਾਂ ਕਿਸਾਨਾਂ ਨੇ ਨਹੀਂ ਬਲਕਿ ਪੁਲੀਸ ਨੇ ਜਾਮ ਕੀਤੀਆਂ ਹੋਈਆਂ ਸਨ। ਅਸੀਂ ਕਦੇ ਵੀ ਕੋਈ ਸਮੱਸਿਆ ਨਹੀਂ ਖੜੀ ਕੀਤੀ। ਜੇਕਰ ਸਾਡੇ ਵਾਲੇ ਪਾਸਿਓਂ ਕਿਤੇ ਕੋਈ ਰੁਕਾਵਟ ਹੈ ਤਾਂ ਉਸ ਨੂੰ ਵਾਹਨਾਂ ਦੀ ਆਵਾਜਾਈ ਲਈ ਦੂਰ ਕਰ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਦੋਵਾਂ ਸੜਕਾਂ ਨੂੰ ਖਾਲੀ ਕਰਨ ਜਾਂ ਦਿੱਲੀ ਵੱਲ ਅੱਗੇ ਵਧਣ ਦਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਵੇਗਾ। ਡਾ.ਪਾਲ ਨੇ ਕਿਹਾ, ‘‘ਹਾਲ ਦੀ ਘੜੀ ਦਿੱਲੀ ਜਾਣ ਦਾ ਕੋਈ ਸੱਦਾ ਨਹੀਂ ਹੈ। ਭਵਿੱਖੀ ਰਣਨੀਤੀ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਲਿਆ ਜਾਵੇਗਾ।’’ ਕਿਸਾਨ ਆਗੂ ਤੇ ਰਾਸ਼ਟਰੀ ਕਿਸਾਨ ਮਜ਼ਦੂਰ ਸਭਾ ਦੇ ਨੁਮਾਇੰਦੇ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਬੈਰੀਕੇਡਿੰਗ ਹਟਾਉਣ ਦੇੇ ਫੈਸਲੇ ਨਾਲ ਕਿਸਾਨਾਂ ਦੇ ਸਟੈਂਡ ਦੀ ਹੀ ਪੁਸ਼ਟੀ ਹੋਈ ਹੈ ਤੇ ਇਸ ਨਾਲ ਸਰਹੱਦਾਂ ’ਤੇ ਵਾਹਨਾਂ ਦੀ ਆਵਾਜਾਈ ਸੌਖੀ ਹੋਵੇਗੀ। ਕੋਹਾੜ ਨੇ ਕਿਹਾ, ‘‘ਪਿਛਲੇ 11 ਮਹੀਨਿਆਂ ਤੋਂ ਅਸੀਂ ਇਹੀ ਗੱਲ ਆਖ ਰਹੇ ਹਾਂ ਕਿ ਕਿਸਾਨਾਂ ਨੇ ਕਦੇ ਵੀ ਸੜਕਾਂ ਜਾਮ ਨਹੀਂ ਕੀਤੀਆਂ ਕਿਉਂਕਿ ਅਸੀਂ ਤਾਂ ਸਿਰਫ਼ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ। ਅੱਜ ਅਸੀਂ ਸਹੀ ਸਾਬਤ ਹੋਏ ਹਾਂ। ਇਹ ਚੰਗੀ ਗੱਲ ਹੈ ਕਿ ਹੁਣ ਸਰਹੱਦਾਂ ’ਤੇ ਵਾਹਨਾਂ ਦੀ ਆਵਾਜਾਈ ਸੰਭਵ ਹੋਵੇਗੀ।’’
ਇਸ ਦੌਰਾਨ ਟਿਕਰੀ ਬਾਰਡਰ ’ਤੇ ਮੌਜੂਦ ਕਿਸਾਨ ਆਗੂ ਸੁਦੇਸ਼ ਗੋਯਾਤ ਨੇ ਦਿੱਲੀ ਪੁਲੀਸ ’ਤੇ ਵਾਹਨਾਂ ਦੀ ਆਵਾਜਾਈ ’ਚ ਅੜਿੱਕਾ ਬਣਨ ਦਾ ਦੋਸ਼ ਲਾਇਆ ਹੈ।
‘ਸਰਕਾਰ ਚਾਹੇ ਤਾਂ ਅਸੀਂ ਗੱਲਬਾਤ ਲਈ ਤਿਆਰ’
ਬੀਕੇਯੂ ਤਰਜਮਾਨ ਸੌਰਭ ਉਪਾਧਿਆਏ ਨੇ ਕਿਹਾ, ‘ਜੇਕਰ ਸਰਕਾਰ ਚਾਹੁੰਦੀ ਹੈ ਕਿ ਜਮੂਦ ਖ਼ਤਮ ਹੋਵੇ ਤਾਂ ਉਹ ਕਿਸਾਨਾਂ ਨਾਲ ਗੱਲਬਾਤ ਕਰੇੇ ਤੇ ਅਸੀਂ ਇਸ ਲਈ ਤਿਆਰ ਹਾਂ। ਪਰ ਜੇਕਰ ਉਹ ਚਾਹੁੰਦੇ ਹਨ ਕਿ ਕਿਸਾਨ ਅੰਦੋਲਨ ਜਾਰੀ ਰਹੇ ਤਾਂ ਅਸੀਂ ਇਸ ਨੂੰ ਅੱਗੋਂ ਵੀ ਜਾਰੀ ਰੱਖਣ ਲਈ ਦ੍ਰਿੜ ਹਾਂ ਕਿਉਂਕਿ ਪਹਿਲਾਂ ਹੀ ਇਸ ਅੰਦੋਲਨ ਨੂੰ ਸ਼ੁਰੂ ਹੋਇਆਂ 11 ਮਹੀਨੇ ਹੋ ਚੁੱਕੇ ਹਨ।’’ -ਪੀਟੀਆਈ
ਦਿੱਲੀ ਪੁਲੀਸ ਨੇ ਹੁਣ ਗਾਜ਼ੀਪੁਰ ’ਚੋਂ ਵੀ ਰੋਕਾਂ ਹਟਾਈਆਂ
ਗਾਜ਼ੀਆਬਾਦ, 29 ਅਕਤੂਬਰ
ਦਿੱਲੀ ਪੁਲੀਸ ਨੇ ਦਿੱਲੀ-ਉੁੱਤਰ ਪ੍ਰਦੇਸ਼ ਸਰਹੱਦ ’ਤੇ ਗਾਜ਼ੀਪੁਰ ਵਿੱਚ ਕਿਸਾਨਾਂ ਦੇ ਧਰਨੇ ਵਾਲੀ ਥਾਂ ਲਾਈਆਂ ਰੋਕਾਂ ਤੇ ਚਾਰ-ਚੁਫ਼ੇਰੇ ਕੰਡੇਦਾਰ ਤਾਰ ਨਾਲ ਕੀਤੀ ਵਾੜ ਹਟਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲੀਸ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪਿਛਲੇ ਸਾਲ ਲੋਹੇ ਤੇ ਸੀਮਿੰਟ ਦੀਆਂ ਰੋਕਾਂ ਨਾਲ ਬੈਰੀਕੇਡਿੰਗ ਕੀਤੀ ਸੀ। ਇਸ ਸਾਲ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਦਿੱਲੀ ਦੇ ਹੋਰਨਾਂ ਹਿੱਸਿਆਂ ’ਚ ਹੋਈ ਹਿੰਸਾ ਮਗਰੋਂ ਸੜਕ ’ਤੇ ਲੋਹੇ ਦੀ ਚਾਦਰ ’ਤੇ ਨੁਕੀਲੀਆਂ ਮੇਖਾਂ ਗੱਡ ਕੇ ਇਸ ਬੈਰੀਕੇਡਿੰਗ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਪਿਛਲੇ 11 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਵੱਖ ਵੱਖ ਥਾਈਂ ਮੋਰਚੇ ਲਾ ਕੇ ਖੇਤੀ ਕਾਨੂੰਨਾਂ ਨੂੰ ਮਨਸੂਖ ਕੀਤੇ ਜਾਣ ਦੀ ਮੰਗ ਕਰ ਰਹੀਆਂ ਹਨ। ਡੀਸੀਪੀ (ਪੂਰਬੀ) ਪ੍ਰਿਯੰਕਾ ਕਸ਼ਯਪ ਨੇ ਅੱਜ ਇਕ ਬਿਆਨ ਵਿੱਚ ਕਿਹਾ, ‘‘ਨੈਸ਼ਨਲ ਹਾਈਵੇਅ 9 ਤੋਂ ਬੈਰੀਕੇਡਿੰਗ ਹਟਾਉਣ ਦਾ ਅਮਲ ਸ਼ੁਰੂ ਹੋ ਗਿਆ ਹੈ। ਵਾਹਨਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਆਰਜ਼ੀ ਰੋਕਾਂ ਨੂੰ ਹਟਾਇਆ ਜਾ ਰਿਹੈ। ਹਾਲਾਂਕਿ ਨੈਸ਼ਨਲ ਹਾਈਵੇਅ 24 ਨੂੰ ਪਹਿਲਾਂ ਹੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।’’ ਇਸ ਸ਼ਾਹਰਾਹ ਦੇ ਖੁੱਲ੍ਹਣ ਨਾਲ ਗਾਜ਼ੀਆਬਾਦ, ਦਿੱਲੀ, ਨੋਇਡਾ ਸਮੇਤ ਕੌਮੀ ਰਾਜਧਾਨੀ ਤੇ ਉੱਤਰ ਪ੍ਰਦੇਸ਼ ਦੇ ਅੰਦਰੂਨੀ ਇਲਾਕਿਆਂ ਤੋਂ ਮੇਰਠ ਤੇ ਹੋਰਨਾਂ ਥਾਵਾਂ ਦੀ ਰੋਜ਼ਾਨਾ ਯਾਤਰਾ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਮਦਦ ਹੋਵੇਗੀ। ਪੁਲੀਸ ਅਧਿਕਾਰੀ ਤੇ ਮਜ਼ਦੂਰਾਂ ਗਾਜ਼ੀਪੁਰ ਵਿੱਚ ਨੈਸ਼ਨਲ ਹਾਈਵੇਅ-9 ’ਤੇ ਸੜਕ ’ਤੇ ਗੱਡੀਆਂ ਮੇਖਾਂ ਨੂੰ ਪੁੱਟਦੇ ਵੇਖੇ ਗਏ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਲੰਘੀ ਰਾਤ ਟਿਕਰੀ ਬਾਰਡਰ ’ਤੇ ਲੱਗੀਆਂ ਰੋਕਾਂ ਨੂੰ ਹਟਾਉਂਦੇੇ ਹੋਏ, ਸੜਕ ਦਾ ਇਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ ਸੀ।
ਕਾਬਿਲੇਗੌਰ ਹੈ ਕਿ ਰੋਕਾਂ ਹਟਾਉਣ ਦਾ ਅਮਲ ਸੁਪਰੀਮ ਕੋਰਟ ਦੇ 21 ਅਕਤੂਬਰ ਦੇ ਹੁਕਮਾਂ ਮਗਰੋਂ ਸ਼ੁਰੂ ਹੋਇਆ ਹੈ। ਸਿਖਰਲੀ ਅਦਾਲਤ ਨੇ ਹਦਾਇਤਾਂ ਵਿੱਚ ਕਿਹਾ ਸੀ ਕਿ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨਾਂ ਦਾ ਹੱਕ ਹੈ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਘੇਰਿਆ ਜਾ ਸਕਦਾ। ਸੁਪਰੀਮ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਤਿੰਨ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਸੀ। ਕਿਸਾਨ ਜਥੇਬੰਦੀਆਂ ਨੇ ਹਾਲਾਂਕਿ ਸੁਣਵਾਈ ਦੌਰਾਨ ਦਲੀਲ ਦਿੱਤੀ ਸੀ ਕਿ ਧਰਨੇ ਵਾਲੀ ਥਾਂ ਰੋਕਾਂ ਕਿਸਾਨਾਂ ਨੇ ਨਹੀਂ ਬਲਕਿ ਦਿੱਲੀ ਪੁਲੀਸ ਨੇ ਲਾਈਆਂ ਹਨ। ਕਿਸਾਨ ਯੂਨੀਅਨਾਂ ਵੱਲੋਂ ਪੇੇਸ਼ ਵਕੀਲ ਨੇ ਉਸ ਮੌਕੇ ਕਿਹਾ ਸੀ ਕਿ ਇਸ ਮਸਲੇ ਦਾ ਇਕੋ ਇਕੋ ਸੌਖਾ ਹੱਲ ਇਹੀ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੂੰ ਜੰਤਰ-ਮੰਤਰ ਤੇ ਰਾਮਲੀਲਾ ਮੈਦਾਨ ਤੱਕ ਜਾਣ ਦੀ ਖੁੱਲ੍ਹ ਦਿੱਤੀ ਜਾਵੇ। ਕੇਸ ਦੀ ਅਗਲੀ ਸੁਣਵਾਈ 7 ਦਸੰਬਰ ਨੂੰ ਹੈ। -ਪੀਟੀਆਈ
ਰੋਕਾਂ ਹਟੀਆਂ, ਪਰ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ: ਟਿਕੈਤ
ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਹੀ ਸਰਕਾਰ ਨੇ ਖ਼ੁਦ ਰਸਤੇ ਬੰਦ ਕੀਤੇ ਸਨ। ਉਨ੍ਹਾਂ ਕਿਹਾ, ‘‘ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਭਵਿੱਖ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਵੇਗਾ, ਜੋ ਇਸ ਪੂਰੇ ਅੰਦੋਲਨ ਦੀ ਮੂਹਰੇ ਹੋ ਕੇ ਅਗਵਾਈ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਅੰਦੋਲਨ ਦੀ ਅਗਲੀ ਰੂਪ-ਰੇਖਾ ਛੇਤੀ ਹੀ ਘੜੀ ਜਾਵੇਗੀ।
ਬੈਰੀਕੇਡਾਂ ਵਾਂਗ ਤਿੰਨ ਖੇਤੀ ਕਾਨੂੰਨ ਵੀ ਜਲਦੀ ਵਾਪਸ ਲੈਣੇ ਪੈਣਗੇ: ਰਾਹੁਲ
ਨਵੀਂ ਦਿੱਲੀ: ਦਿੱਲੀ ਪੁਲੀਸ ਵੱਲੋਂ ਲੰਘੀ ਰਾਤ ਟਿਕਰੀ ਤੇ ਹੁਣ ਦਿੱਲੀ-ਯੂਪੀ ਸਰਹੱਦ ’ਤੇ ਗਾਜ਼ੀਪੁਰ ਵਿੱਚ ਕਿਸਾਨਾਂ ਦੇ ਧਰਨੇ ਵਾਲੀ ਥਾਂ ਤੋਂ ਬੈਰੀਕੇਡਿੰਗ (ਰੋਕਾਂ) ਚੁੱਕੇ ਜਾਣ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਤਿੰਨ ‘ਖੇਤੀ ਵਿਰੋਧੀ’ ਖੇਤੀ ਕਾਨੂੰਨ ਵੀ ਜਲਦੀ ਹੀ ਵਾਪਸ ਲੈਣਗੇ ਪੈਣਗੇ। ਸਾਬਕਾ ਕਾਂਗਰਸ ਪ੍ਰਧਾਨ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਹੁਣ ਤੱਕ ਸਿਰਫ਼ ਬਣਾਵਟੀ ਰੋਕਾਂ ਹੀ ਹਟਾਈਆਂ ਗਈਆਂ ਹਨ, ਜਲਦੀ ਹੀ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵੀ ਵਾਪਸ ਲੈਣੇ ਪੈਣਗੇ। ਅੰਨਦਾਤਾ ਸੱਤਿਆਗ੍ਰਹਿ ਜ਼ਿੰਦਾਬਾਦ!’’ -ਪੀਟੀਆਈ