ਨਵੀਂ ਦਿੱਲੀ, 25 ਮਈ
ਪੀਐੱਨਬੀ ਘੁਟਾਲਾ ਕੇਸ ਵਿਚ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਐਂਟੀਗਾ ਤੇ ਬਰਬੂਡਾ ’ਚ ਲਾਪਤਾ ਹੋ ਗਿਆ ਹੈ। ਉਹ ਜਨਵਰੀ 2018 ਤੋਂ ਉੱਥੇ ਰਹਿ ਰਿਹਾ ਸੀ। ਉਸ ਦੇ ਵਕੀਲ ਤੇ ਕੈਰੇਬਿਆਈ ਟਾਪੂ ਮੁਲਕ ਦੀ ਪੁਲੀਸ ਨੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਕਾਰੋਬਾਰੀ ਐਤਵਾਰ ਨੂੰ ਆਪਣੀ ਕਾਰ ਵਿਚ ਦੇਖਿਆ ਗਿਆ ਸੀ। ਪੁਲੀਸ ਨੂੰ ਤਲਾਸ਼ ਕਰਨ ’ਤੇ ਵਾਹਨ ਮਿਲ ਗਿਆ ਹੈ ਪਰ ਚੋਕਸੀ ਲਾਪਤਾ ਹੈ। ਚੋਕਸੀ ਦੇ ਵਕੀਲ ਵਿਜੈ ਅਗਰਵਾਲ ਨੇ ਪੁਸ਼ਟੀ ਕੀਤੀ ਕਿ ਉਹ ਐਤਵਾਰ ਤੋਂ ਲਾਪਤਾ ਹੈ। ਪਰਿਵਾਰ ਉਸ ਦੀ ਸੁਰੱਖਿਆ ਬਾਰੇ ਫ਼ਿਕਰਮੰਦ ਹੈ। ਸੀਬੀਆਈ, ਜੋ ਕਿ ਮੇਹੁਲ ਖ਼ਿਲਾਫ਼ ਕੇਸਾਂ ਦੀ ਜਾਂਚ ਕਰ ਰਹੀ ਹੈ, ਆਪਣੇ ਸੂਤਰਾਂ ਰਾਹੀਂ ਉਸ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਦੀ ਬੇਨਤੀ ’ਤੇ ‘ਇੰਟਰਪੋਲ’ ਚੋਕਸੀ ਖ਼ਿਲਾਫ਼ ‘ਰੈੱਡ ਕਾਰਨਰ ਨੋਟਿਸ’ ਜਾਰੀ ਕਰ ਚੁੱਕਾ ਹੈ। ਐਂਟੀਗਾ ਦੀ ਪੁਲੀਸ ਚੋਕਸੀ ਦੀ ਫੋਟੋ ਲੋਕਾਂ ਨੂੰ ਦਿਖਾ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਸਥਾਨਕ ਮੀਡੀਆ ਨੇ ਪੁਲੀਸ ਕਮਿਸ਼ਨਰ ਐਟਲੀ ਰੋਡਨੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੁਲੀਸ ਭਾਰਤੀ ਕਾਰੋਬਾਰੀ ਦੇ ਟਿਕਾਣਿਆਂ ਉਤੇ ਉਸ ਨੂੰ ਲੱਭ ਰਹੀ ਹੈ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ 62 ਸਾਲਾ ਭਾਰਤੀ ਕਾਰੋਬਾਰੀ ਨੂੰ ਟਾਪੂ ਦੇ ਦੱਖਣੀ ਇਲਾਕੇ ਵਿਚ ਕਾਰ ਚਲਾਉਂਦਿਆਂ ਦੇਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਚੋਕਸੀ ਨੇ ਐਂਟੀਗਾ ਦੀ ਨਾਗਰਿਕਤਾ ਲੈ ਲਈ ਸੀ। ਚੋਕਸੀ ਤੇ ਉਸ ਦਾ ਭਤੀਜਾ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 13500 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ੀ ਹਨ। ਨੀਰਵ ਮੋਦੀ ਦੀ ਜ਼ਮਾਨਤ ਕਈ ਵਾਰ ਖਾਰਜ ਹੋ ਚੁੱਕੀ ਹੈ ਤੇ ਉਹ ਲੰਡਨ ਦੀ ਜੇਲ੍ਹ ਵਿਚ ਹੈ। ਉਸ ਨੇ ਆਪਣੀ ਭਾਰਤ ਹਵਾਲਗੀ ਖ਼ਿਲਾਫ਼ ਅਪੀਲ ਪਾਈ ਹੋਈ ਹੈ। ਜ਼ਿਕਰਯੋਗ ਹੈ ਕਿ ਚੋਕਸੀ ਤੇ ਨੀਰਵ ਮੋਦੀ ਨੇ ਪੀਐਨਬੀ ਨਾਲ 13,500 ਕਰੋੜ ਰੁਪਏ ਦਾ ਕਰਜ਼ਾ ਘੁਟਾਲਾ ਕੀਤਾ ਸੀ ਤੇ ਮਗਰੋਂ ਦੇਸ਼ ਛੱਡ ਕੇ ਫਰਾਰ ਹੋ ਗਏ ਸਨ। ਸੀਬੀਆਈ ਦੇ ਸੂਤਰਾਂ ਮੁਤਾਬਕ ਉਹ ਚੋਕਸੀ ਦੇ ਲਾਪਤਾ ਹੋਣ ਦੀ ਰਿਪੋਰਟ ਨੂੰ ਕਈ ਪੱਖਾਂ ਤੋਂ ਘੋਖ ਰਹੇ ਹਨ। ਇੰਟਰਪੋਲ ਦੀ ਵੀ ਮਦਦ ਲਈ ਜਾ ਰਹੀ ਤਾਂ ਕਿ ਪਤਾ ਲੱਗ ਸਕੇ ਕਿ ਕਿਤੇ ਉਹ ਸੰਸਾਰ ਵਿਚ ਕਿਸੇ ਇਮੀਗ੍ਰੇਸ਼ਨ ਚੈੱਕ ਪੋਸਟ ਤੋਂ ਤਾਂ ਨਹੀਂ ਲੰਘ ਰਿਹਾ। ਚੋਕਸੀ ਨੇ ਇਕ ਨਿਵੇਸ਼ ਪ੍ਰੋਗਰਾਮ ਤਹਿਤ ਐਂਟਿਗਾ ਦੀ ਨਾਗਰਿਕਤਾ ਲੈ ਲਈ ਸੀ। ਪਿਛਲੇ ਸਾਲ ਐਂਟਿਗਾ ਦੇ ਪ੍ਰਧਾਨ ਮੰਤਰੀ ਗਾਸਟਨ ਬਰਾਊਨ ਨੇ ਕਿਹਾ ਸੀ ਕਿ ਇਕ ਵਾਰ ਜਦ ਚੋਕਸੀ ਸਾਰੇ ਕਾਨੂੰਨੀ ਬਦਲ ਅਜ਼ਮਾ ਲਏਗਾ ਤਾਂ ਉਸ ਦੀ ਨਾਗਰਿਕਤਾ ਵਾਪਸ ਲੈ ਲਈ ਜਾਵੇਗੀ। -ਪੀਟੀਆਈ