ਮੁੰਬਈ: ਪੰਜਾਬ ਤੇ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ਦੇ ਸਾਬਕਾ ਨਿਰਦੇਸ਼ਕ ਦਲਜੀਤ ਸਿੰਘ ਬੱਲ ਨੂੰ ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀਐੱਮਸੀ ਬੈਂਕ ਘੁਟਾਲੇ ਵਿੱਚ ਲੋੜੀਂਦੇ ਬੱਲ ਨੂੰ ਭਾਰਤ-ਨੇਪਾਲ ਸਰਹੱਦ ਨੇੜੇ ਪੈਂਦੇ ਪੂਰਬੀ ਚੰਪਾਰਨ ’ਚ ਰਕਸੌਲ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਹੁ-ਕਰੋੜੀ ਘੁਟਾਲੇ ਦੀ ਜਾਂਚ ਕਰ ਰਹੀ ਅਪਰਾਧ ਸ਼ਾਖਾ ਨੇ ਬੱਲ ਤੇ 10 ਹੋਰ ਸਾਬਕਾ ਨਿਰਦੇਸ਼ਕਾਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਸੀ। ਰਿਜ਼ਰਵ ਬੈਂਕ ਵੱਲੋਂ ਸ਼ਹਿਰੀ ਕੋ-ਆਪਰੇਟਿਵ ਬੈਂਕ ’ਤੇ ਪਾਬੰਦੀਆਂ ਲਾਉਣ ਤੇ ਇੱਕ ਪ੍ਰਸ਼ਾਸਕ ਲਾਉਣ ਮਗਰੋਂ ਇਹ ਘੁਟਾਲਾ ਸਤੰਬਰ 2019 ਵਿੱਚ ਸਾਹਮਣੇ ਆਇਆ ਸੀ। ਜਾਂਚ ’ਚ ਖੁਲਾਸਾ ਹੋਇਆ ਸੀ ਕਿ ਬੈਂਕ ਨੇ ਲਗਪਗ ਦੀਵਾਲੀਆ ਹੋ ਚੁੱਕੀ ਐੱਚਡੀਆਈਐੱਲ ਨੂੰ ਕਰਜ਼ਾ ਦੇਣ ਲਈ ਦਿੱਤੇ 6,700 ਕਰੋੜ ਰੁਪਏ ਲੁਕਾਉਣ ਲਈ ਫਰਜ਼ੀ ਖਾਤੇ ਬਣਾਏ ਸਨ। ਆਰਥਿਕ ਅਪਰਾਧ ਸ਼ਾਖਾ ਤੇ ਈਡੀ ਨੇ ਸੀਨੀਅਰ ਅਧਿਕਾਰੀਆਂ ਤੇ ਐੱਚਡੀਆਈਐੱਲ ਦੇ ਪ੍ਰਮੋਟਰਾਂ ਖ਼ਿਲਾਫ਼ ਕੇਸ ਦਰਜ ਕੀਤੇ ਸਨ। -ਪੀਟੀਆਈ