ਨਵੀਂ ਦਿੱਲੀ, 22 ਅਪਰੈਲ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ ਅਸਫ਼ਲ ਮਾਡਲ ਹੈ ਜਿਸ ਦਾ ਮਤਲਬ ‘ਸਿਰਫ਼ ਮਸ਼ਹੂਰੀ, ਵਧੀਆ ਸਿਰਲੇਖ ਅਤੇ ਜਨ ਸੰਪਰਕ ਪ੍ਰਬੰਧਨ ਹੈ ਜੋ ਹੁਣ ਇਹ ਬੇਨਕਾਬ ਹੋ ਗਿਆ ਹੈ ਅਤੇ ਪਿਛਲੇ ਛੇ ਸਾਲਾਂ ਵਿਚ ਇਹ ਸਾਰੇ ਦੇਸ਼ ਵਿਚ ਲਾਗੂ ਹੋਇਆ ਹੈ। ਕਾਂਗਰਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸੱਤਾ ਵਾਲੇ ਰਾਜਾਂ ਵੱਲੋਂ ਸਾਰਿਆਂ ਨੂੰ ਵੈਕਸੀਨ ਦੀ ਮੁਫ਼ਤ ਡੋਜ਼ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਵੇਂ ਕਿ ਛੱਤੀਸਗੜ੍ਹ ਸਰਕਾਰ ਵੱਲੋਂ ਕੀਤਾ ਗਿਆ ਹੈ।
ਇੱਥੇ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਗੁਜਰਾਤ ਮਾਮਲਿਆਂ ਦੇ ਇੰਚਾਰਜ ਰਾਜੀਵ ਸਾਤਵ, ਗੁਜਰਾਤ ਕਾਂਗਰਸ ਦੇ ਪ੍ਰਧਾਨ ਅਮਿਤ ਚਾਵੜਾ ਅਤੇ ਵਿਰੋਧੀ ਧਿਰ ਦੇ ਨੇਤਾ ਪਾਰੇਸ਼ ਧਨਾਨੀ ਨੇ ਕਿਹਾ ਕਿ ਗੁਜਰਾਤ ਵਿਚ ਹਾਲਾਤ ਬੇਕਾਬੂ ਹੋ ਗਏ ਹਨ ਅਤੇ ਭਾਜਪਾ ਸਰਕਾਰ ਦੀਆਂ ਅਸਫ਼ਲ ਨੀਤੀਆਂ ਕਾਰਨ ਲੋਕਾਂ ਨੂੰ ਮਜਬੂਰੀਵੱਸ ਆਪਣੇ ਲਈ ਪ੍ਰਬੰਧ ਆਪ ਕਰਨੇ ਪੈ ਰਹੇ ਹਨ।
ਸ੍ਰੀ ਸਾਤਵ ਨੇ ਕਿਹਾ ਕਿ ਸਾਲ 2014 ਦੀਆਂ ਚੋਣਾਂ ਵਿਚ ਜਦੋਂ ਨਰਿੰਦਰ ਮੋਦੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ ਤਾਂ ਉਨ੍ਹਾਂ ਗੁਜਰਾਤ ਨੂੰ ਇਕ ਮਾਡਲ ਰਾਜ ਵਜੋਂ ਦਰਸਾਇਆ ਸੀ ਅਤੇ ਕਿਹਾ ਸੀ ਕਿ ਉਹ ਸਮੁੱਚੇ ਭਾਰਤ ਨੂੰ ਇਸੇ ਤਰ੍ਹਾਂ ਵਿਕਸਤ ਕਰਨਗੇ। ਉਨ੍ਹਾਂ ਕਿਹਾ, ‘‘ਉਸ ਵੇਲੇ ਕੋਈ ਨਹੀਂ ਸੀ ਸਮਝਿਆ ਕਿ ਗੁਜਰਾਤ ਮਾਡਲ ਦਾ ਮਤਲਬ ਮਸ਼ਹੂਰੀ, ਵਧੀਆ ਸਿਰਲੇਖ ਤੇ ਜਨ ਸੰਪਰਕ ਪ੍ਰਬੰਧਨ ਸੀ। ਪਿਛਲੇ ਛੇ ਸਾਲਾਂ ਵਿਚ ਜੋ ਪ੍ਰਧਾਨ ਮੰਤਰੀ ਨੇ ਕੀਤਾ ਉਸ ਨਾਲ ਗੁਜਰਾਤ ਮਾਡਲ ਪੂਰੇ ਦੇਸ਼ ਵਿਚ ਲਾਗੂ ਹੋ ਗਿਆ ਹੈ।’’ ਉਨ੍ਹਾਂ ਕਿਹਾ ਿਕ ਭਾਜਪਾ, ਕਾਂਗਰਸ ਸਰਕਾਰਾਂ ’ਤੇ ਵਰ੍ਹਦੀ ਹੈ, ਪਰ ਲੋਕ ਭਲਾਈ ਵਾਲੀਆਂ ਨੀਤੀਆਂ ਕਾਂਗਰਸ ਪਾਰਟੀ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਿਕ ਭਾਜਪਾ ਨੂੰ ਗੁਜਰਾਤ ਮਾਡਲ ਦੀ ਥਾਂ ’ਤੇ ਦੇਸ਼ ’ਚ ਜਨ ਭਲਾਈ ਵਾਲੇ ਕੰਮ ਲਾਗੂ ਕਰਨੇ ਚਾਹੀਦੇ ਹਨ। -ਪੀਟੀਆਈ