ਨਵੀਂ ਦਿੱਲੀ, 24 ਦਸੰਬਰ
ਪ੍ਰਮੁੱਖ ਵਿਰੋਧੀ ਧਿਰਾਂ ਦੇ ਆਗੂਆਂ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਵਿਰੋਧੀ ਪਾਰਟੀਆਂ ’ਤੇ ਖੇਤੀ ਕਾਨੂੰਨਾਂ ਬਾਰੇ ਝੂਠ ਬੋਲਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਡੀਐੱਮਕੇ, ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ, ਸੀਪੀਆਈ, ਸੀਪੀਆਈ (ਐੱਮ), ਸੀਪੀਆਈ (ਐੱਮਐੱਲ), ਫਾਰਵਰਡ ਬਲਾਕ, ਆਰਐੱਸਪੀ ਤੇ ਕੁਝ ਹੋਰ ਪਾਰਟੀਆਂ ਦੇ ਆਗੂਆਂ ਨੇ ਸਾਂਝੇ ਬਿਆਨ ’ਚ ਕਿਹਾ, ‘ਪ੍ਰਧਾਨ ਮੰਤਰੀ ਨੂੰ ਬੇਬੁਨਿਆਦ ਦੋਸ਼ ਲਾਉਣੇ ਬੰਦ ਕਰਕੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਅਸੀਂ ਪ੍ਰਧਾਨ ਮੰਤਰੀ ਵੱਲੋਂ ਲਾਏ ਗਏ ਬੇਬੁਨਿਆਦ ਦੋਸ਼ਾਂ ਪ੍ਰਤੀ ਸਖ਼ਤ ਰੋਸ ਦਰਜ ਕਰਵਾਉਂਦੇ ਹਾਂ।’ ਬਿਆਨ ’ਚ ਕਿਹਾ ਗਿਆ ਹੈ, ‘ਅਸੀਂ ਅੰਦੋਲਨਕਾਰੀ ਕਿਸਾਨਾਂ ਪ੍ਰਤੀ ਆਪਣੀ ਇਕਜੁੱਟਤਾ ਪ੍ਰਗਟ ਕਰਦੇ ਹਾਂ। ਇਸ ਬਿਆਨ ’ਤੇ ਰਾਹੁਲ ਗਾਂਧੀ, ਸ਼ਰਦ ਪਵਾਰ, ਤੇਜਸਵੀ ਯਾਦਵ, ਡੀ ਰਾਜਾ, ਮਨੋਜ ਭੱਟਾਚਾਰੀਆ, ਸੀਤਾਰਾਮ ਯੇਚੁਰੀ, ਅਖਿਲੇਸ਼ ਯਾਦਵ, ਕਨੀਮੋੜੀ, ਫਾਰੂਕ ਅਬਦੁੱਲ੍ਹਾ ਤੇ ਕਈ ਹੋਰ ਆਗੂਆਂ ਦੇ ਹਸਤਾਖਰ ਹਨ। -ਪੀਟੀਆਈ