ਨਵੀਂ ਦਿੱਲੀ, 8 ਅਗਸਤ
ਪੈਗਾਸਸ ਮੁੱਦੇ ’ਤੇ ਸੰਸਦ ’ਚ ਜਾਰੀ ਅੜਿੱਕੇ ਨੂੰ ਤੋੜਨ ਲਈ ਵਾਰਤਾ ਦੇ ਰਾਹ ਸਰਕਾਰ ਵੱਲੋਂ ਬੰਦ ਕਰਨ ਦੇ ਦੋਸ਼ ਲਾਉਂਦਿਆਂ ਆਰਜੇਡੀ ਆਗੂ ਮਨੋਜ ਕੁਮਾਰ ਝਾਅ ਨੇ ਅੱਜ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੜੋਤ ਖ਼ਤਮ ਕਰਨ ਲਈ ਦਖ਼ਲ ਦੇਣ। ਉਨ੍ਹਾਂ ਮੌਨਸੂਨ ਇਜਲਾਸ ਵਧਾਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਸੰਸਦ ਦੇ ਨੁਕਸਾਨੇ ਗਏ ਸਮੇਂ ਦੀ ਭਰਪਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ 15 ਅਗਸਤ ਤੋਂ ਬਾਅਦ ਵੀ ਇਜਲਾਸ ਚਲਾਉਣ ਲਈ ਰਾਜ਼ੀ ਹੈ। ਰਾਜ ਸਭਾ ਮੈਂਬਰ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਪਣੀਆਂ ਸ਼ਰਤਾਂ ਮਨਵਾ ਕੇ ਸੰਸਦ ਚਲਾਉਣ ਦਾ ਵਤੀਰਾ ਠੀਕ ਨਹੀਂ ਹੈ।
ਉਨ੍ਹਾਂ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਵਿਰੋਧੀ ਧਿਰਾਂ ਤੱਕ ਪਹੁੰਚ ਦੀ ਆੜ ਹੇਠ ਵਾਰਤਾ ਦੇ ਦਰ ਬੰਦ ਕੀਤੇ ਜਾ ਰਹੇ ਹਨ। ‘ਇਨ੍ਹਾਂ ਲੋਕਾਂ ਕੋਲ ਵਿਰੋਧੀ ਧਿਰ ਲਈ ਕੋਈ ਢੁੱਕਵੀਂ ਪੇਸ਼ਕਸ਼ ਨਹੀਂ ਹੈ। ਸਰਕਾਰ ਸੁਣ ਤਾਂ ਰਹੀ ਹੈ ਪਰ ਉਨ੍ਹਾਂ ਦੀ ਆਵਾਜ਼ ਨੂੰ ਸੁਣਨਾ ਨਹੀਂ ਚਾਹੁੰਦੀ ਹੈ।’ ਝਾਅ ਨੇ ਕਿਹਾ ਕਿ ਸਰਕਾਰ ਵਿਰੋਧ ਦੀ ਭਾਸ਼ਾ ਵਰਤ ਰਹੀ ਹੈ ਜਿਸ ਨੇ ਖੜੋਤ ਤੋੜਨ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ ਹੈ। ਆਰਜੇਡੀ ਆਗੂ ਨੇ ਕਿਹਾ ਕਿ ਸੰਸਦ ’ਚ ਕਰੋਨਾ ਬਾਰੇ ਹੋਈ ਬਹਿਸ ਦੌਰਾਨ ਨਾ ਸਿਰਫ਼ ਕੇਂਦਰ ਸਰਕਾਰ ਨੇ ਸਗੋਂ ਕਈ ਸੂਬਾ ਸਰਕਾਰਾਂ ਨੇ ਵੀ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਪੈਗਾਸਸ ਸਮੇਤ ਮਹਿੰਗਾਈ, ਕਿਸਾਨ ਅੰਦੋਲਨ ਅਤੇ ਬੇਰੁਜ਼ਗਾਰੀ ਦੇ ਮੁੱਦੇ ਵੀ ਅਹਿਮ ਹਨ। ਉਨ੍ਹਾਂ ਮੁਤਾਬਕ ਪੈਗਾਸਸ ਦਾ ਮਾਮਲਾ ਗੰਭੀਰ ਹੈ ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੈ। ਹੰਗਾਮੇ ਦੌਰਾਨ ਸਰਕਾਰ ਵੱਲੋਂ ਬਿੱਲ ਪਾਸ ਕਰਵਾਏ ਜਾਣ ਦੀ ਵੀ ਉਨ੍ਹਾਂ ਨਿਖੇਧੀ ਕੀਤੀ। ਵਿਰੋਧੀ ਧਿਰ ਦੇ ਏਕੇ ਨੂੰ ਦੇਖਦਿਆਂ 2024 ਦੀਆਂ ਆਮ ਚੋਣਾਂ ’ਚ ਮਹਾ ਗੱਠਜੋੜ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸੰਸਦ ’ਚ ਆਗੂ ਤਾਲਮੇਲ ਬਣਾ ਕੇ ਚੱਲ ਰਹੇ ਹਨ ਅਤੇ ਉਨ੍ਹਾਂ ਦੇ ਦਿਮਾਗ ’ਚ ਅਜੇ 2024 ਦੀਆਂ ਚੋਣਾਂ ਨਹੀਂ ਹਨ। -ਪੀਟੀਆਈ