ਮੁੰਬਈ, 12 ਅਕਤੂਬਰ
ਬਾਂਬੇ ਹਾਈ ਕੋਰਟ ਨੇ ‘ਪੀਐੱਮ ਕੇਅਰਜ਼ ਫੰਡ ਟਰੱਸਟ’ ਵਿੱਚੋਂ ‘ਪੀਐੱਮ’ (ਪ੍ਰਧਾਨ ਮੰਤਰੀ) ਸ਼ਬਦ ਹਟਾਉਣ ਅਤੇ ਟਰੱਸਟ ਦੀ ਵੈੱਬਸਾਈਟ ਤੋਂ ਪ੍ਰਧਾਨ ਮੰਤਰੀ ਦੀ ਤਸਵੀਰ ਅਤੇ ਭਾਰਤ ਦੇ ਕੌਮੀ ਝੰਡੇ ਅਤੇ ਚਿੰਨ੍ਹ ਦੀਆਂ ਤਸਵੀਰਾਂ ਹਟਾਉਣ ਲਈ ਦਾਖ਼ਲ ਇੱਕ ਪਟੀਸ਼ਨ ਦੇ ਸਬੰਧ ’ਚ ਕੇਂਦਰ ਸਰਕਾਰ ਤੋਂ ਜੁਆਬ ਮੰਗਿਆ ਹੈ। ਇਹ ਪਟੀਸ਼ਨ ਕਾਂਗਰਸ ਮੈਂਬਰ ਵਿਕਰਾਂਤ ਚਵਾਨ ਵੱਲੋਂ ਦਾਖ਼ਲ ਕੀਤੀ ਗਈ ਹੈ। ਇਸ ਪਟੀਸ਼ਨ ਮੁਤਾਬਕ ‘ਪ੍ਰਧਾਨ ਮੰਤਰੀ’ ਸ਼ਬਦ ਅਤੇ ਕੌਮੀ ਝੰਡੇ ਤੇ ਚਿੰਨ੍ਹ ਦੀਆਂ ਤਸਵੀਰਾਂ ਦੀ ਵਰਤੋਂ ਭਾਰਤ ਦੇ ਸੰਵਿਧਾਨ ਅਤੇ ‘ਕੌਮੀ ਚਿੰਨ੍ਹ ਅਤੇ ਨਾਵਾਂ (ਗਲਤ ਵਰਤੋਂ ’ਤੇ ਰੋਕ) ਐਕਟ ਦੀ ਉਲੰਘਣਾ ਹੈ। ਇਸ ਅਪੀਲ ’ਤੇ ਜਸਟਿਸ ਏ ਏ ਸਈਅਦ ਅਤੇ ਐੱਸ ਜੀ ਡਿਗੇ ਦੇ ਡਿਵੀਜ਼ਨ ਬੈਂਚ ਨੇ ਸੁਣਵਾਈ ਕੀਤੀ ਜਿਸ ਰਾਹੀਂ ਕੇਂਦਰ ਸਰਕਾਰ ਨੂੰ ਫੰਡ ਦੇ ਟਰੱਸਟ ਦੇ ਨਾਂ- ‘ਪ੍ਰਾਈਮ ਮਿਨਿਸਟਰ’ਜ਼ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੁਏਸ਼ਨਜ਼’ ਵਿੱਚੋਂ ‘ਪੀਐੱਮ’ (ਪ੍ਰਧਾਨ ਮੰਤਰੀ) ਸ਼ਬਦ ਹਟਾਉਣ ਦੀ ਹਦਾਇਤ ਦੇਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਅੱਜ ਇਸ ਮਾਮਲੇ ’ਤੇ ਕੁਝ ਸਮੇਂ ਲਈ ਸੁਣਵਾਈ ਕੀਤੀ ਅਤੇ ਕੇਂਦਰ ਵੱਲੋਂ ਪੇਸ਼ ਐਡੀਸ਼ਨਲ ਸੌਲੀਸਿਟਰ ਜਨਰਲ ਅਨਿਲ ਸਿੰਘ ਨੂੁੰ ਇਸ ਅਪੀਲ ਦਾ ਜੁਆਬ ਦੇਣ ਲਈ ਹੁਕਮ ਦਿੱਤਾ। ਅਦਾਲਤ ਵੱਲੋਂ ਮਾਮਲੇ ’ਤੇ ਅਗਲੀ ਸੁਣਵਾਈ 25 ਅਕਤੂਬਰ ਨੂੁੰ ਕੀਤੀ ਜਾਵੇਗੀ। -ਪੀਟੀਆਈ