ਸੰਯੁਕਤ ਰਾਸ਼ਟਰ, 21 ਸਤੰਬਰ
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇੱਕ ਸੈਸ਼ਨ ਵਿੱਚ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਸੀ ਇਹ ਜੰਗ ਦਾ ਸਮਾਂ ਨਹੀਂ ਹੈ ਅਤੇ ਉਨ੍ਹਾਂ ਦੀ ਇਹ ਗੱਲ ਬਿਲਕੁਲ ਸਹੀ ਸੀ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੇ ਹਿੱਸਾ ਲਿਆ। ਭਾਰਤੀ ਪ੍ਰਧਾਨ ਮੰਤਰੀ ਮੋਦੀ ਹਾਲ ’ਚ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਤੋਂ ਬਾਅਦ ਪੂਤਿਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਸੀ ਕਿ ‘‘ਅੱਜ ਜੰਗ ਦਾ ਜੁੱਗ ਨਹੀਂ ਹੈ।’’ ਮੈਕਰੋਂ ਨੇ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਇਹ ਜੰਗ ਦਾ ਜੁੱਗ ਨਹੀਂ ਹੈ। ਇਹ ਪੱਛਮ ਤੋਂ ਬਦਲਾ ਲੈਣ ਅਤੇ ਉਸ ਨੂੰ ਪੂਰਬ ਖ਼ਿਲਾਫ਼ ਖੜ੍ਹਾ ਕਰਨ ਦਾ ਸਮਾਂ ਨਹੀਂ ਹੈ। ਇਹ ਵਕਤ ਹੈ ਅਸੀਂ ਸਾਰੇ ਦੇਸ਼ ਸਾਡੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਇਕਜੁੱਟ ਹੋ ਕੇ ਮੁਕਾਬਲਾ ਕਰੀਏ।’ ਉਨ੍ਹਾਂ ਕਿਹਾ, ‘‘ਇਸ ਲਈ ਉੱਤਰ ਅਤੇ ਦੱਖਣ ਵਿਚਾਲੇ ਨਵੇਂ ਸਮਝੌਤਿਆਂ ਦੀ ਸਖਤ ਲੋੜ ਹੈ। ਇੱਕ ਅਜਿਹਾ ਸਮਝੌਤਾ ਜੋ ਖਾਧ ਪਦਾਰਥਾਂ, ਜੀਵ ਵਿਭਿੰਨਤਾ ਦੇ ਖੇਤਰ ਵਿੱਚ ਹੋਵੇ। ਇਹ ਸੋਚ ਨੂੰ ਸੀਮਤ ਕਰਨ ਦਾ ਨਹੀਂ ਬਲਕਿ ਸਾਂਝੇ ਹਿੱਤਾਂ ਲਈ ਖਾਸ ਕਾਰਵਾਈ ਕਰਨ ਵਾਸਤੇ ਗੱਠਜੋੜ ਕਾਇਮ ਕਰਨ ਦਾ ਸਮਾਂ ਹੈ।’’ -ਪੀਟੀਆਈ