ਨਵੀਂ ਦਿੱਲੀ, 13 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਅਪਰੈਲ, 1919 ’ਚ ਵਾਪਰੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਦੇ ਪੀੜਤਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਬੇਮਿਸਾਲ ਹੌਸਲਾ ਅਤੇ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਬ੍ਰਿਟਿਸ਼ ਫ਼ੌਜ ਨੇ ਰੌਲਟ ਐਕਟ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਲੋਕਾਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕਰ ਦਿੱਤੀ ਸੀ ਜਿਸ ’ਚ ਸੈਂਕੜੇ ਲੋਕ ਮਾਰੇ ਗਏ ਸਨ। ਇਹ ਭਾਰਤ ’ਚ ਬ੍ਰਿਟਿਸ਼ ਹਕੂਮਤ ਦੀ ਸਭ ਤੋਂ ਘਿਨਾਉਣੀ ਕਾਰਵਾਈਆਂ ’ਚੋਂ ਇਕ ਸੀ। ਰੌਲਟ ਐਕਟ ਬ੍ਰਿਟਿਸ਼ ਹਕੂਮਤ ਨੂੰ ਦਮਨਕਾਰੀ ਤਾਕਤਾਂ ਪ੍ਰਦਾਨ ਕਰਦਾ ਸੀ। ਸ੍ਰੀ ਮੋਦੀ ਨੇ ਟਵਿੱਟਰ ’ਤੇ ਲਿਖਿਆ,‘‘1919 ’ਚ ਅੱਜ ਹੀ ਦੇ ਦਿਨ ਜੱਲ੍ਹਿਆਂਵਾਲਾ ਬਾਗ ’ਚ ਸ਼ਹੀਦ ਹੋਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ। ਉਨ੍ਹਾਂ ਦਾ ਬੇਮਿਸਾਲ ਹੌਸਲਾ ਅਤੇ ਬਲਿਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।’’ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਜੱਲ੍ਹਿਆਂਵਾਲਾ ਬਾਗ ਸਮਾਰਕ ਦੇ ਨਵਿਆਏ ਗਏ ਕੰਪਲੈਕਸ ਦੇ ਉਦਘਾਟਨ ਮੌਕੇ ਦਿੱਤੇ ਗਏ ਆਪਣੇ ਭਾਸ਼ਨ ਨੂੰ ਵੀ ਸਾਂਝਾ ਕੀਤਾ ਹੈ। -ਪੀਟੀਆਈ