ਨਵੀਂ ਦਿੱਲੀ, 12 ਫਰਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਭਾਰਤ ਮਾਤਾ ਇਕ ਟੁਕੜਾ’ ਚੀਨ ਨੂੰ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਚੀਨ ਅੱਗੇ ਝੁੱਕ ਗਏ ਅਤੇ ਫ਼ੌਜੀਆਂ ਦੀ ਸ਼ਹਾਦਤ ਨਾਲ ਵਿਸ਼ਵਾਸਘਾਤ ਕੀਤਾ। ਕਾਂਗਰਸੀ ਆਗੂ ਨੇ ਪੱਤਰਕਾਰਾਂ ਨੂੰ ਕਿਹਾ, “ਕੱਲ੍ਹ ਰੱਖਿਆ ਮੰਤਰੀ ਨੇ ਦੋਵਾਂ ਸਦਨਾਂ ਵਿੱਚ ਬਿਆਨ ਦਿੱਤੇ ਪਰ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸਪਸ਼ਟ ਕਰਨ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਕਿ ਇਸ ਤਣਾਅ ਦੇ ਸ਼ੁਰੂ ਤੋਂ ਹੀ ਭਾਰਤ ਦਾ ਇਹ ਰੁਖ਼ ਰਿਹਾ ਹੈ ਕਿ ਅਪਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ ਪਰ ਰੱਖਿਆ ਮੰਤਰੀ ਦੇ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਅਸੀਂ ਫਿੰਗਰ 4 ਤੋਂ ਫਿੰਗਰ 3 ਉੱਤੇ ਆ ਗਏ ਹਾਂ। ਪ੍ਰਧਾਨ ਮੰਤਰੀ ਨੇ ਭਾਰਤੀ ਸਰਹੱਦ ਚੀਨ ਨੂੰ ਕਿਉਂ ਦਿੱਤੀ? ਇਸ ਦਾ ਜਵਾਬ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਦੇਣਾ ਪਵੇਗਾ। ਚੀਨ ਦੇਪਸਾਂਗ ਖੇਤਰ ਵਿਚ ਸਾਡੀ ਸਰਹੱਦ ਦੇ ਅੰਦਰ ਆ ਗਿਆ ਹੈ। ਰੱਖਿਆ ਮੰਤਰੀ ਨੇ ਇਸ ਬਾਰੇ ਇਕ ਸ਼ਬਦ ਨਹੀਂ ਬੋਲਿਆ। ਰਾਹੁਲ ਗਾਂਧੀ ਨੇ ਦਾਅਵਾ ਕੀਤਾ,“ ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪਵਿੱਤਰ ਧਰਤੀ ਚੀਨ ਨੂੰ ਦਿੱਤੀ ਹੈ।… ਉਨ੍ਹਾਂ ਨੇ ਭਾਰਤ ਮਾਤਾ ਨੂੰ ਟੁਕੜਾ ਚੀਨ ਨੂੰ ਸੌਂਪ ਦਿੱਤਾ। ’’ ਉਧਰ ਭਾਰਤ ਸਰਕਾਰ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਪੈਂਗੌਂਗ ਝੀਲ ਇਲਾਕੇ ਵਿੱਚ ਫੌਜੀਆਂ ਦੇ ਪਿੱਛੇ ਹਟਣ ਲਈ ਚੀਨ ਨਾਲ ਇੱਕ ਸਮਝੌਤੇ ਤੋਂ ਇਲਾਵਾ ਕਿਸੇ ਵੀ ਇਲਾਕੇ ਤੋਂ ਦਾਅਵਾ ਨਹੀਂ ਛੱਡਿਆ। ਰੱਖਿਆ ਮੰਤਰਾਲੇ ਨੇ ਸਖ਼ਤ ਸ਼ਬਦਾਂ ਵਾਲਾ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਪੂਰਬੀ ਲੱਦਾਖ ਖੇਤਰ ਵਿੱਚ ਦੇਸ਼ ਦੇ ਕੌਮੀ ਹਿੱਤ ਅਤੇ ਜ਼ਮੀਨੀ ਹਿੱਸੇ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਗਈ ਹੈ ਕਿਉਂਕਿ ਸਰਕਾਰ ਨੇ ਹਥਿਆਰਬੰਦ ਬਲਾਂ ਦੀ ਤਾਕਤ ’ਤੇ ਪੂਰਾ ਭਰੋਸਾ ਦਿਖਾਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਜਿਨ੍ਹਾਂ ਨੂੰ ਸਾਡੇ ਫ਼ੌਜੀਆਂ ਦੀ ਕੁਰਬਾਨੀ ਤੋਂ ਹਾਸਲ ਕੀਤੀਆਂ ਪ੍ਰਾਪਤੀਆਂ ’ਤੇ ਸ਼ੱਕ ਹੈ। ਅਸਲ ਵਿੱਚ ਉਹ ਸ਼ਹੀਦ ਫੌਜੀਆਂ ਦਾ ਸਨਮਾਨ ਨਹੀਂ ਕਰ ਰਹੇ।’’ -ਏਜੰਸੀ