ਨਵੀਂ ਦਿੱਲੀ, 15 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਵਾਇਰਸ ਬਾਰੇ ਚੌਕਸੀ ਤੇ ਮਹਾਮਾਰੀ ਦੇ ਟਾਕਰੇ ਲਈ ਵੱਡੇ ਪੱਧਰ ’ਤੇ ਤਿਆਰੀਆਂ ਨੂੰ ਅੱਗੋਂ ਵੀ ਜਾਰੀ ਰੱਖਣ ਦਾ ਸੱਦਾ ਦਿੰਦਿਆਂ ਸਿਹਤ ਏਜੰਸੀਆਂ ਨੂੰ ਕੋਵਿਡ-19 ਟੈਸਟਿੰਗ ਤੇ ਸੀਰੋ-ਸਰਵੇਖਣਾਂ ਨੂੰ ਵਧਾਉਣ ਦੀ ਹਦਾਇਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘੱਟ ਕੀਮਤ ’ਤੇ ਨਿਯਮਤ ਟੈਸਟਿੰਗ ਦੀ ਸਹੂਲਤ ਜਲਦੀ ਤੋਂ ਜਲਦੀ ਸਾਰਿਆਂ ਤੱਕ ਪੁੱਜਦੀ ਕੀਤੀ ਜਾਵੇੇ। ਸ੍ਰੀ ਮੋਦੀ ਕੋਵਿਡ-19 ਮਹਾਮਾਰੀ ਦੇ ਟਾਕਰੇ ਲਈ ਖੋਜ ਤੇ ਵੈਕਸੀਨ ਬਾਰੇ ਇਕ ਨਜ਼ਰਸਾਨੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਸਖ਼ਤ ਵਿਗਿਆਨਕ ਟੈਸਟਿੰਗ ਤੇ ਇਲਾਜ ਲਈ ਰਵਾਇਤੀ ਮੈਡੀਕਲ ਇਲਾਜ ਦੀ ਲੋੜ ਸਮੇਤ ਇਨ੍ਹਾਂ ਦੀ ਵੈਧਤਾ ਬਾਰੇ ਵੀ ਜ਼ੋਰ ਦਿੱਤਾ। ਉਨ੍ਹਾਂ ਆਯੂਸ਼ ਮੰਤਰਾਲੇ ਵੱਲੋਂ ਸਬੂਤ ਆਧਾਰਿਤ ਖੋਜ ਤੇ ਮੁਸ਼ਕਲ ਸਮਿਆਂ ਵਿੱਚ ਭਰੋਸੇਯੋਗ ਹੱਲ ਮੁਹੱਈਆ ਕਰਵਾਉਣ ਲਈ ਕੀਤੇ ਯਤਨਾਂ ਦੀ ਤਾਰੀਫ਼ ਕੀਤੀ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 67,708 ਨਵੇਂ ਕੇਸਾਂ ਨਾਲ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ ਵਧ ਕੇ 73 ਲੱਖ ਦੇ ਅੰਕੜੇ ਨੂੰ ਟੱਪ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 87.35 ਫੀਸਦ ਦੀ ਕੌਮੀ ਰਿਕਵਰੀ ਦਰ ਨਾਲ ਹੁਣ ਤਕ 63,83,441 ਵਿਅਕਤੀ ਕਰੋਨਾ ਦੀ ਲਾਗ ਤੋਂ ਤੰਦਰੁਸਤ ਹੋ ਚੁੱਕੇ ਹਨ। ਸਵੇਰੇ ਅੱਠ ਵਜੇ ਤੱਕ ਰਿਪੋਰਟ ਹੋਈਆਂ 680 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 1,11,266 ਹੋੋ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 8,12,390 ਹੈ, ਜੋ ਕਿ ਕੁੱਲ ਕੇਸਲੋਡ ਦਾ 11.11 ਫੀਸਦ ਹੈ। ਆਈਸੀਐੱਮਆਰ ਮੁਤਾਬਕ 14 ਅਕਤੂਬਰ ਤਕ 9.12 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
-ਪੀਟੀਆਈ