ਨਵੀਂ ਦਿੱਲੀ, 9 ਸਤੰਬਰ
ਕਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾ ਰਹੀ ਪਲਾਜ਼ਮਾ ਥੈਰੇਪੀ ਮੌਤ ਦਰ ਨੂੰ ਘਟਾਉਣ ਲਈ ਕਾਰਗਰ ਸਿੱਧ ਨਹੀਂ ਹੋ ਰਹੀ। ਇਹ ਖੁਲਾਸਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੁਆਰਾ ਕੀਤੇ ਗਏ ਅਧਿਐਨ ਵਿੱਚ ਹੋਇਆ ਹੈ।ਕੋਵਿਡ -19 ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੇ ਪ੍ਰਭਾਵ ਬਾਰੇ ਪਤਾ ਲਗਾਉਣ ਲਈ 22 ਅਪਰੈਲ ਤੋਂ 14 ਜੁਲਾਈ ਤੱਕ 39 ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਟ੍ਰਾਇਲ ਕੀਤਾ ਗਿਆ ਸੀ। ਅਧਿਐਨ ਵਿੱਚ ਕੁੱਲ 464 ਮਰੀਜ਼ ਸ਼ਾਮਲ ਕੀਤੇ ਗਏ ਸਨ। ਅਧਿਐਨ ਵਿੱਚ ਸਾਬਤ ਹੋਇਆ ਕਿ ਜਿਨ੍ਹਾਂ ਗੰਭੀਰ ਮਰੀਜ਼ਾਂ ਨੂੰ ਪਲਾਜ਼ਾ ਥੈਰੇਪੀ ਦਿੱਤੀ ਗਈ ਤੇ ਜਿਨ੍ਹਾਂ ਨੂੰ ਨਹੀਂ ਦਿੱਤੀ ਗਈ ਦੋਵਾਂ ਦਾ ਹਾਲ ਇਕੋ ਜਿਹਾ ਹੀ ਸੀ।