ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 15 ਸਤੰਬਰ
ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਅੱਜ ਕਿਹਾ ਕਿ ਕਰੋਨਾ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੀ ਕਾਰਗਰਤਾ ਨੂੰ ਲੈ ਕੇ ਕੀਤੇ ਟਰਾਇਲਾਂ ਦੇ ਸ਼ੁਰੂਆਤੀ ਸਕੇਤਾਂ ਤੋਂ ਇਹੀ ਲਗਦਾ ਹੈ ਕਿ ਇਸ ਨਾਲ ਮੌਤ ਦੀ ਦਰ ਨਹੀਂ ਘਟਦੀ ਤੇ ਨਾ ਹੀ ਇਹ ਰੋਗ ਨੂੰ ਹਲਕੇ ਤੋਂ ਗੰਭੀਰ ਵੱਲ ਵਧਣ ਤੋਂ ਬਚਾਅ ਕਰਦੀ ਹੈ। ਆਈਸੀਐੱਮਆਰ ਮੁਖੀ ਬਲਰਾਮ ਭਾਰਗਵ ਨੇ ਕਿਹਾ ਕਿ 39 ਵੱਖ ਵੱਖ ਹਸਪਤਾਲਾਂ ਦੇ 464 ਮਰੀਜ਼ਾਂ ’ਤੇ ਕੀਤਾ ਅਧਿਐਨ ਅਜੇ ਵੀ ਨਜ਼ਰਸਾਨੀ ਅਧੀਨ ਹੈ ਤੇ ਨਤੀਜਿਆਂ ਦੀ ਮੁਕੰਮਲ ਪ੍ਰਕਾਸ਼ਨਾਂ ਦੀ ਅਜੇ ਉਡੀਕ ਹੈ। ਸ੍ਰੀ ਭਾਰਗਵ ਨੇ ਕਿਹਾ ਕਿ ਇਕ ਵਾਰ ਅੰਤਿਮ ਨਤੀਜੇ ਪ੍ਰਕਾਸ਼ਿਤ ਹੋਣ ਮਗਰੋਂ ਭਾਰਤ ਵਿੱਚ ਕੋਵਿਡ ਦੇ ਪ੍ਰਬੰਧਨ ਲਈ ਪਲਾਜ਼ਮਾ ਥੈਰੇਪੀ ਦੀ ਵਰਤੋਂ ਨੂੰ ਜਾਰੀ ਰੱਖਣ ਸਬੰਧੀ ਫੈਸਲਾ ਕੀਤਾ ਜਾਵੇਗਾ।