ਨਵੀਂ ਦਿੱਲੀ: ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਰਾਜ ਸਭਾ ਵਿਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਸ੍ਰੀ ਗੋਇਲ ਥਾਵਰ ਚੰਦ ਗਹਿਲੋਤ ਦੀ ਥਾਂ ਲੈਣਗੇ। ਸ੍ਰੀ ਥਾਵਰ ਨੂੰ ਕਰਨਾਟਕ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਰਾਜ ਸਭਾ ਸਕੱਤਰੇਤ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਕਿ ਸ੍ਰੀ ਗੋਇਲ ਸਦਨ ਦੇ ਨੇਤਾ ਹੋਣਗੇ। ਸ੍ਰੀ ਗੋਇਲ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਐਨਡੀਏ ਉਪ ਨੇਤਾ ਹੋਣ ਦੇ ਨਾਲ ਕੈਬਨਿਟ ਵਿੱਚ ਮੰਤਰੀ ਵੀ ਹਨ। ਉਨ੍ਹਾਂ ਕੋਲ ਰੇਲਵੇ ਵਰਗੇ ਅਹਿਮ ਵਿਭਾਗ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਵਿਭਾਗ ਵੀ ਰਹੇ ਹਨ। ਸ੍ਰੀ ਗੋਇਲ 2014 ਵਿਚ ਮੰਤਰੀ ਬਣੇ ਸਨ। ਭਾਜਪਾ ਵੱਲੋਂ ਸ੍ਰੀ ਗੋਇਲ ਨੂੰ ਪਿਛਲੀਆਂ ਚੋਣਾਂ ਦੌਰਾਨ ਵੀ ਕਈ ਜ਼ਿੰਮੇਵਾਰੀਆਂ ਦਿੱਤੀਆਂ ਸਨ। ਭਾਜਪਾ ਕੋਲ ਰਾਜ ਸਭਾ ਵਿਚ ਬਹੁਮਤ ਨਹੀਂ ਹੈ। ਇਸ ਲਈ ਸ੍ਰੀ ਗੋਇਲ ਲਈ ਸੰਸਦ ਦੀ ਕਾਰਵਾਈ ਦੌਰਾਨ ਕਈ ਚੁਣੌਤੀਆਂ ਹੋਣਗੀਆਂ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਾਦ ਜੋਸ਼ੀ ਨੇ ਸ੍ਰੀ ਗੋਇਲ ਨੂੰ ਇਸ ਚੋਣ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੋਇਲ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਸ੍ਰੀ ਗੋਇਲ ਨੂੰ ਵਧਾਈ ਦਿੱਤੀ ਹੈ। -ਪੀਟੀਆਈ