ਪਾਇਲਟ ਦੀ ਉਪ ਮੁੱਖ ਮੰਤਰੀ ਵਜੋਂ ਛੁੱਟੀ

ਪਾਇਲਟ ਦੀ ਉਪ ਮੁੱਖ ਮੰਤਰੀ ਵਜੋਂ ਛੁੱਟੀ

ਜੈਪੁਰ/ਨਵੀਂ ਦਿੱਲੀ, 14 ਜੁਲਾਈ

ਰਾਜਸਥਾਨ ਵਿੱਚ ਸੱਤਾ ਦੇ ਸੰਘਰਸ਼ ਲਈ ਜਾਰੀ ਸਿਆਸੀ ਖਿੱਚੋਤਾਣ ਦਰਮਿਆਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਸਚਿਨ ਪਾਇਲਟ ਨੂੰ ਅੱਜ ਕਾਂਗਰਸ ਪਾਰਟੀ ਨੇ ਉਪ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ। ਇਸ ਦੇ ਨਾਲ ਹੀ ਪਾਇਲਟ ਦੇ ਕਰੀਬੀ ਦੋ ਮੰਤਰੀਆਂ ਵਿਸ਼ਵੇਂਦਰ ਸਿੰਘ ਤੇ ਰਮੇਸ਼ ਮੀਨਾ ਨੂੰ ਵੀ ਸੂਬਾਈ ਕੈਬਨਿਟ ’ਚੋਂ ਬਾਹਰ ਦਾ ਰਾਹ ਵਿਖਾ ਦਿੱਤਾ। ਕਾਂਗਰਸ ਨੇ ਪਾਇਲਟ ਨੂੰ ਵਿਧਾਇਕ ਦਲ ਦੀ ਮੀਟਿੰਗ ਲਈ ਜਾਰੀ ਵ੍ਹਿਪ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਸਾਰੇ ਫੈਸਲੇ ਅੱਜ ਇਥੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਲੲੇ ਗਏ। ਪਿਛਲੇ ਦੋ ਦਿਨਾਂ ’ਚ ਵਿਧਾਇਕ ਦਲ ਦੀ ਇਹ  ਦੂਜੀ ਮੀਟਿੰਗ ਸੀ। ਪਾਰਟੀ ਨੇ ਓਬੀਸੀ ਆਗੂ ਤੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਾਸਾਰਾ ਨੂੰ ਪਾਇਲਟ ਦੀ ਥਾਂ ਨਵਾਂ ਪ੍ਰਦੇਸ਼ ਪ੍ਰਧਾਨ ਥਾਪ ਦਿੱਤਾ ਹੈ। ਮੀਟਿੰਗ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਗਹਿਲੋਤ ਨੇ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੈਬਨਿਟ ’ਚੋਂ ਛਾਂਗੇ ਤਿੰਨ ਮੰਤਰੀਆਂ ਬਾਰੇ ਸੂਚਿਤ ਕਰ ਦਿੱਤਾ ਹੈ।

ਉਧਰ ਪਾਇਲਟ ਨੇ ਭਾਵੇਂ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹੇ, ਪਰ ਉਨ੍ਹਾਂ ਦੇ ਹਮਾਇਤੀਆਂ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਦੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਹਮਾਇਤੀਆਂ ਨੇ ਕਿਹਾ ਕਿ ਊਨ੍ਹਾਂ ਦਾ ਮੁੱਖ  ਨਿਸ਼ਾਨਾ ਰਾਜਸਥਾਨ ਲੀਡਰਸ਼ਿਪ ’ਚ ਤਬਦੀਲੀ ਹੈ। ਪਾਇਲਟ ਨੇ ਦੋਵਾਂ ਅਹੁਦਿਆਂ ਤੋਂ ਹਟਾਏ ਜਾਣ ਤੋਂ ਫੌਰੀ ਮਗਰੋਂ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ।’

ਕਾਂਗਰਸ ਵਿਧਾਇਕ ਦਲ ਦੀ ਅੱਜ ਦੂਜੀ ਮੀਟਿੰਗ ਮੁੱਕਦਿਆਂ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਾਇਲਟ ਤੇ ਉਹਦੇ ਨੇੜਲੇ ਦੋ ਮੰਤਰੀਆਂ ਨੂੰ ਅਹੁਦਿਆਂ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ। ਸੁਰਜੇਵਾਲਾ ਨੇ ਕਿਹਾ ਕਿ ਪਾਇਲਟ ਨੂੰ ਕਾਂਗਰਸ ਪ੍ਰਧਾਨ ਦਾ ਅਸ਼ੀਰਵਾਦ ਹਾਸਲ ਸੀ ਤੇ ਉਨ੍ਹਾਂ ਨੂੰ ਛੋਟੀ ਉਮਰੇ ਸਿਆਸੀ ਤਾਕਤ ਦਿੱਤੀ ਗਈ, ਪਰ ਇਸ ਦੇ ਬਾਵਜੂਦ ਸਚਿਨ ਤੇ ਹੋਰ ਮੰਤਰੀ ‘ਭਾਜਪਾ ਦੀ ਸਾਜ਼ਿਸ਼’ ਦਾ ਹਿੱਸਾ ਬਣਦਿਆਂ ਸੂਬਾ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਸੁਰਜੇਵਾਲਾ ਨੇ ਕਿਹਾ, ‘ਕੋਈ ਵੀ ਸਿਆਸੀ ਪਾਰਟੀ ਇਹ ਕਤਈ ਬਰਦਾਸ਼ਤ ਨਹੀਂ ਕਰੇਗੀ। ਲਿਹਾਜ਼ਾ ਕਾਂਗਰਸ ਨੂੰ ਭਰੇ ਮਨ ਨਾਲ ਇਹ ਫੈਸਲਾ ਲੈਣਾ ਪਿਆ।’ ਕਾਂਗਰਸ ਮੁਤਾਬਕ ਪਾਇਲਟ ਨੂੰ ਅੱਜ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਲਈ ‘ਦੂਜਾ ਮੌਕਾ’ ਦਿੱਤਾ ਗਿਆ ਸੀ, ਪਰ ਉਨ੍ਹਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ ਹੋਰਨਾਂ ਸਿਖਰਲੇ ਆਗੂਆਂ ਵੱਲੋਂ ਵਾਪਸ ਪਰਤਣ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। 

ਇਸ ਦੌਰਾਨ ਕਾਂਗਰਸ ਨੇ ਪ੍ਰਦੇਸ਼ ਕਾਂਗਰਸ ਇਕਾਈ ’ਚ ਫੇਰਬਦਲ ਕਰਦਿਆਂ ਕਬਾਇਲੀ ਆਗੂ ਤੇ ਵਿਧਾਇਕ ਗਣੇਸ਼ ਗੋਗਰਾ ਨੂੰ ਸੂਬਾਈ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਹੈ। ਗੋਗਰਾ ਨੇ ਪਾਇਲਟ ਦੇ ਵਫ਼ਾਦਾਰ ਮੁਕੇਸ਼ ਭਾਕਰ ਦੀ ਥਾਂ ਲਈ ਹੈ। ਇਸੇ ਤਰ੍ਹਾਂ ਹੇਮ ਸਿੰਘ ਸ਼ੇਖਾਵਤ ਨੂੰ ਵਿਧਾਇਕ ਰਾਕੇਸ਼ ਪ੍ਰਤੀਕ ਦੀ ਥਾਂ ਕਾਂਗਰਸ ਸੇਵਾ ਦਲ ਦਾ ਪ੍ਰਧਾਨ ਲਾਇਆ ਗਿਆ ਹੈ। ਇਸ ਦੇ ਉਲਟ ਐੱਨਐੱਸਯੂਆਈ ਦੀ ਸੂਬਾ ਇਕਾਈ ਦੇ ਪ੍ਰਧਾਨ ਅਭਿਮੰਨਿਊ ਪੂਨੀਆ ਨੇ ਅੱਜ ਹੀ ਖੁ਼ਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੂਨੀਆ ਨੇ ਕਿਹਾ ਕਿ ਉਹ ਜਾਟ ਤੇ ਬਿਸ਼ਨੋਈ ਪਰਿਵਾਰਾਂ ਦੇ ਮੁਖੀਆਂ ਨੂੰ ਜੇਲ੍ਹ ਭੇਜਣ ਵਾਲੇ ਮੁੱਖ ਮੰਤਰੀ ਨਾਲ ਕੰਮ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਪਾਰਟੀ ਵਿੱਚ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਅੱਜ ਸਵੇਰੇ ਆਖਰੀ ਹੱਲੇ ਵਜੋਂ ਇਕ ਟਵੀਟ ਰਾਹੀਂ ਸਚਿਨ ਪਾਇਲਟ ਤੇ ਉਨ੍ਹਾਂ ਨਾਲ ਸਬੰਧਤ ਵਿਧਾਇਕਾਂ ਨੂੰ ਵਿਧਾਇਕ ਦਲ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਮੁੜ ਅਪੀਲ ਕੀਤੀ। -ਪੀਟੀਆਈ

ਗਹਿਲੋਤ ਮੌਜੂਦਾ ਸੰਕਟ ਦਾ ਠੀਕਰਾ ਵਿਰੋਧੀ ਧਿਰ ਦੇ ਸਿਰ ਨਾ ਭੰਨ੍ਹਣ

ਜੈਪੁਰ: ਭਾਜਪਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਸਰਕਾਰ ਨੂੰ ਦਰਪੇਸ਼ ਸੰਕਟ ਦਾ ਠੀਕਰਾ ਵਿਰੋਧੀ ਸਿਰ ਭੰਨ ਰਹੇ ਹਨ। ਪਾਰਟੀ ਦੇ ਉਪ ਪ੍ਰਧਾਨ ਓਮ ਪ੍ਰਕਾਸ਼ ਮਾਥੁਰ ਨੇ ਕਿਹਾ, ‘ਸ੍ਰੀਮਾਨ ਅਸ਼ੋਕ ਗਹਿਲੋਤ, ਅੱਖਾਂ ਬੰਦ ਕਰਨ ਨਾਲ ਸੂਰਜ ਨੇ ਲੁਕ ਨਹੀਂ ਜਾਣਾ। ਤੁਹਾਡੇ ਆਪਣੇ ਹੀ ਘਰ ਦਾ ਢਾਂਚਾ ਕਮਜ਼ੋਰ ਹੈ ਤੇ ਤੁਸੀਂ ਇਸ ਦਾ ਦੋਸ਼ ਭਾਜਪਾ ਦੀ ਕੌਮੀ ਲੀਡਰਸ਼ਿਪ ਸਿਰ ਮੜ੍ਹ ਰਹੇ ਹੋ।’ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All