ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 6 ਅਗਸਤ
ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਲੋਕ ਸਭਾ ਦੇ ਮੌਜੂਦਾ ਮੌਨਸੂਨ ਸੈਸ਼ਨ ਵਿੱਚ ਕਾਂਗਰਸ ਸਣੇ ਕਈ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਅੱਜ ਸਦਨ ਵਿੱਚ ਜਵਾਬ ਦਿੱਤਾ ਕਿ ਦੇਸ਼ ਵਿੱਚ ਕਾਨੂੰਨ ਮੁਤਾਬਕ ਜਾਇਜ਼ ਫੋਨ ਟੈਪਿੰਗ ਹੀ ਕੀਤੀ ਜਾਂਦੀ ਹੈ ਤੇ ਉਸ ਦੇ ਰਿਕਾਰਡ ਨੂੰ ਨਾਲ ਦੇ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪੈਗਾਸਸ ਜਾਸੂਸੀ ਮਾਮਲੇ ਬਾਰੇ ਸੀਪੀਐੱਮ ਦੇ ਰਾਜ ਸਭਾ ਮੈਂਬਰ ਜੋਹਨ ਬ੍ਰਿਟਾਸ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸ੍ਰੀ ਬ੍ਰਿਟਾਸ ਵੱਲੋਂ ਹੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਹੀ ਸੰਚਾਰ ਰਾਜ ਮੰਤਰੀ ਦੇਵੂਸਿਨ੍ਹ ਚੌਹਾਨ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਫੋਨ ਟੈਪਿੰਗ ਦੇ ਸਾਰੇ ਰਿਕਾਰਡ ਇੰਡੀਅਨ ਟੈਲੀਗ੍ਰਾਫ ਰੂਲਜ਼ (ਸੋਧ) 2014 ਤੇ ਸੂਚਨਾ ਤਕਨੀਕ ਰੂਲਜ਼ 2009 ਤਹਿਤ ਸਮੇਂ ਸਮੇਂ ’ਤੇ ਨਸ਼ਟ ਕਰ ਦਿੱਤੇ ਜਾਂਦੇ ਹਨ।