ਪਣਜੀ (ਗੋਆ), 18 ਸਤੰਬਰ
ਸੀਬੀਆਈ ਤੇ ਫੋਰੈਂਸਿਕ ਅਧਿਕਾਰੀਆਂ ਦੀ ਟੀਮ ਟਿਕ-ਟੌਕ ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਮੌਤ ਮਾਮਲੇ ਦੀ ਜਾਂਚ ਲਈ ਅੰਜੁਨਾ ਸਥਿਤ ‘ਕਰਲੀਜ਼’ ਨਾਈਟ ਕਲੱਬ ਪਹੁੰਚ ਗਈ ਹੈ। ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ ਫੋਗਾਟ ਨੂੰ ਇਸੇ ਕਲੱਬ ਵਿੱਚ ਕਥਿਤ ਨਸ਼ੇ ਦੀ ਡੋਜ਼ ਦਿੱਤੀ ਗਈ ਸੀ ਤੇ ਮਗਰੋਂ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸੀਬੀਆਈ ਤੇ ਫੋਰੈਂਸਿਕ ਮਾਹਿਰਾਂ ਨੇ ਉੱਤਰੀ ਗੋਆ ਦੇ ਅੰਜੁਨਾ ਬੀਚ ਸਥਿਤ ਲਿਓਨੀ ਗਰੈਂਡ ਰਿਜ਼ੌਰਟ ਦਾ ਵੀ ਦੌਰਾ ਕੀਤਾ ਸੀ। ਫੋਗਾਟ ਆਪਣੇ ਸਾਥੀਆਂ ਨਾਲ ਇਸੇ ਰਿਜ਼ੌਰਟ ਵਿੱਚ ਰੁਕੀ ਸੀ। ਜਾਣਕਾਰੀ ਅਨੁਸਾਰ ਕੇਸ ਦੀ ਤਫ਼ਤੀਸ਼ ਕਰ ਰਹੇ ਸੀਬੀਆਈ ਅਧਿਕਾਰੀ ਦਸ ਘੰਟਿਆਂ ਤੋਂ ਵੱਧ ਸਮਾਂ ਰਿਜ਼ੌਰਟ ਵਿਚ ਰੁਕੇ। ਚੇਤੇ ਰਹੇ ਕਿ ਸੀਬੀਆਈ ਨੇ 15 ਸਤੰਬਰ ਨੂੰ ਐੱਫਆਈਆਰ ਦਰਜ ਕਰਨ ਮਗਰੋਂ ਕੇਸ ਦੀ ਜਾਂਚ ਗੋਆ ਪੁਲੀਸ ਕੋਲੋਂ ਆਪਣੇ ਹੱਥਾਂ ਵਿੱਚ ਲੈ ਲਈ ਸੀ। -ਏਐੱਨਆਈ