ਨਵੀਂ ਦਿੱਲੀ, 29 ਸਤੰਬਰ
ਐੱਨਆਈਏ ਦੀ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਲਈ ਨੌਜਵਾਨ ਨੂੰ ਭਰਤੀ ਕਰਨ ਦਾ ਕੰਮ ਸੋਸ਼ਲ ਮੀਡੀਆ ’ਤੇ ਚਲਾਇਆ ਜਾ ਰਿਹਾ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪੀਐੱਫਆਈ ਨਾਲ ਜੁੜੇ ਗੁੱਟਾਂ ਨੇ ਵਿਦੇਸ਼ੀਆਂ ਖਾਸ ਕਰਕੇ ਤਾਮਿਲ ਨਾਡੂ ਦੇ ਪਹਾੜੀ ਇਲਾਕੇ ਵੱਟਾਕਨਾਲ ਦਾ ਦੌਰਾ ਕਰਨ ਵਾਲੇ ਯਹੂਦੀਆਂ ’ਤੇ ਹਮਲੇ ਕਰਨ ਦੀ ਯੋਜਨਾ ਘੜੀ ਸੀ। ਐੱਨਆਈਏ ਦੀ ਜਾਂਚ ਮੁਤਾਬਕ 15 ਨੌਜਵਾਨਾਂ ਦੇ ਗੁੱਟ ਨੇ ਹਾਈ ਕੋਰਟ ਦੇ ਜੱਜਾਂ, ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਅਹਿਮਦੀਆ ਧੜੇ ਨਾਲ ਸਬੰਧਤ ਮੁਸਲਮਾਨਾਂ ’ਤੇ ਹਮਲਿਆਂ ਦੀ ਸਾਜ਼ਿਸ਼ ਘੜੀ ਸੀ। ਇਸ ਦਹਿਸ਼ਤੀ ਧੜੇ ਦਾ ਨਾਮ ਅਨਸਾਰ-ਉਲ-ਖ਼ਲੀਫ਼ਾ ਕੇਰਲਾ ਸੀ ਜੋ ਮੁਸਲਮਾਨ ਨੌਜਵਾਨਾਂ ਨੂੰ ਇਸਲਾਮਿਕ ਸਟੇਟ ਆਦਿ ਜਥੇਬੰਦੀਆਂ ’ਚ ਭਰਤੀ ਕਰਨ ਦੀ ਖ਼ੁਫ਼ੀਆ ਤੌਰ ’ਤੇ ਮੁਹਿੰਮ ਚਲਾ ਰਿਹਾ ਸੀ। ਪੀਐੱਫਆਈ ਦਾ ਟਵਿੱਟਰ ਖਾਤਾ ਵੀ ਬੰਦ ਕਰ ਦਿੱਤਾ ਗਿਆ ਹੈ। ਉਧਰ ਦਿੱਲੀ ’ਚ ਪੀਐੱਫਆਈ ਦੇ ਤਿੰਨ ਟਿਕਾਣਿਆਂ ਨੂੰ ਸੀਲ ਕਰਨ ਅਤੇ ਫੰਡ ਜਾਮ ਕਰਨ ਦੇ ਹੁਕਮ ਦਿੱਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਹੜੇ ਟਿਕਾਣਿਆਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ’ਚ ਜਾਮੀਆ ਨਗਰ ਦੇ ਦੋ ਅਤੇ ਸ਼ਾਹੀਨ ਬਾਗ਼ ਦਾ ਇਕ ਟਿਕਾਣਾ ਸ਼ਾਮਲ ਹੈ। ਮੰਗਲੂਰੁ ਪੁਲੀਸ ਨੇ ਪੀਐੱਫਆਈ ਅਤੇ ਉਸ ਦੀ ਸਹਾਇਕ ਜਥੇਬੰਦੀਆਂ ਦੇ 12 ਦਫ਼ਤਰਾਂ ਨੂੰ ਸੀਲ ਕਰ ਦਿੱਤਾ ਹੈ। ਅਸਾਮ ’ਚ ਤਿੰਨ ਦਫ਼ਤਰਾਂ ਨੂੰ ਸੀਲ ਕਰਦਿਆਂ ਪੀਐੱਫਆਈ ਦੇ ਮੈਂਬਰਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਧਰ ਕਾਂਗਰਸ ਦੇ ਰਾਜ ਸਭਾ ਮੈਂਬਰ ਅਬਦੁੱਲ ਖਾਲਿਕ ਨੇ ਕਿਹਾ ਕਿ ਕੇਂਦਰ ਨੂੰ ਪੀਐੱਫਆਈ ’ਤੇ ਪਾਬੰਦੀ ਲਗਾਉਣ ਦੇ ਅਸਲ ਕਾਰਨਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਨਫ਼ਰਤੀ ਭਾਸ਼ਨ ਜਾਂ ਕੂੜ ਪ੍ਰਚਾਰ ਦਾ ਮਾਮਲਾ ਹੈ ਤਾਂ ਆਰਐੱਸਐੱਸ ’ਤੇ ਵੀ ਪਾਬੰਦੀ ਲੱਗੇ। -ਪੀਟੀਆਈ