ਨਵੀਂ ਦਿੱਲੀ, 27 ਜੂਨ
ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਅੱਜ ਮੁੜ ਵਾਧਾ ਹੋਇਆ ਜਿਸ ਨਾਲ ਹੁਣ ਬਿਹਾਰ ’ਚ ਵੀ ਪੈਟਰੋਲ 100 ਰੁਪਏ ਪ੍ਰਤੀ ਲਿਟਰ ਟੱਪ ਗਿਆ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ 35 ਪੈਸੇ ਤੇ ਡੀਜ਼ਲ 25 ਪੈਸੇ ਮਹਿੰਗਾ ਹੋਇਆ ਹੈ। ਦੋ ਦਿਨਾਂ ’ਚ ਲਗਾਤਾਰ ਦੋ ਵਾਰੀ ਤੇਲ ਕੀਮਤਾਂ ਵਧੀਆਂ ਹਨ। ਪਿਛਲੇ ਦੋ ਮਹੀਨਿਆਂ ’ਚ ਤੇਲ ਕੀਮਤਾਂ ’ਚ ਇਹ 31ਵੀਂ ਵਾਰ ਵਾਧਾ ਕੀਤਾ ਗਿਆ ਹੈ। ਬੀਤੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ 35 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਸੀ। ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਸ ਸਮੇਂ ਹੁਣ ਤੱਕ ਸਭ ਤੋਂ ਉੱਚੇ ਪੱਧਰ ’ਤੇ ਹਨ। ਬਿਹਾਰ ਇੱਕ ਹੋਰ ਰਾਜ ਬਣ ਗਿਆ ਹੈ ਜਿੱਥੇ ਪੈਟਰੋਲ ਸੌ ਰੁਪਏ ਪ੍ਰਤੀ ਲਿਟਰ ਤੋਂ ਟੱਪ ਗਿਆ ਹੈ। ਕੌਮੀ ਰਾਜਧਾਨੀ ਦਿੱਲੀ ’ਚ ਪੈਟਰੋਲ ਰਿਕਾਰਡ 98.46 ਰੁਪਏ ਜਦਕਿ ਡੀਜ਼ਲ 88.90 ਰੁਪਏ ਪ੍ਰਤੀ ਲਿਟਰ ਚੱਲ ਰਿਹਾ ਹੈ। ਵੈਟ ਤੇ ਮਾਲ-ਭਾੜੇ ਕਾਰਨ ਵੱਖ ਵੱਖ ਰਾਜਾਂ ’ਚ ਤੇਲ ਕੀਮਤਾਂ ਵੱਖ ਵੱਖ ਹੁੰਦੀਆਂ ਹਨ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਜੰਮੂ ਕਸ਼ਮੀਰ, ਉੜੀਸਾ, ਤਾਮਿਲ ਨਾਡੂ ਤੇ ਲੱਦਾਖ ਤੋਂ ਬਾਅਦ ਹੁਣ ਬਿਹਾਰ ਦੇ ਕਈ ਸ਼ਹਿਰਾਂ ’ਚ ਪੈਟਰੋਲ ਸੌ ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪਟਨਾ ’ਚ ਪੈਟਰੋਲ 100.47 ਤੇ ਡੀਜ਼ਲ 94.24 ਰੁਪਏ ਫੀ ਲਿਟਰ ਹੈ। ਮੁੰਬਈ, ਹੈਦਰਾਬਾਦ ਤੇ ਬੰਗਲੂਰੂ ’ਚ ਪੈਟਰੋਲ ਪਹਿਲਾਂ ਹੀ ਸੌ ਰੁਪਏ ਫੀ ਲਿਟਰ ਤੋਂ ਉੱਪਰ ਚੱਲ ਰਿਹਾ ਹੈ। ਰਾਜਸਥਾਨ ਦੇ ਸ੍ਰੀਗੰਗਾਨਗਰ ਤੇ ਹਨੂਮਾਨਗੜ੍ਹ ਦੇ ਨਾਲ ਨਾਲ ਉੜੀਸਾ ਦੀਆਂ ਕੁਝ ਥਾਵਾਂ ’ਤੇ ਡੀਜ਼ਲ ਸੌ ਰੁਪਏ ਤੋਂ ਵੱਧ ਮਹਿੰਗਾ ਵਿਕ ਰਿਹਾ ਹੈ। ਚਾਰ ਮਈ ਤੋਂ ਬਾਅਦ 31ਵੀਂ ਵਾਰ ਵਾਧੇ ਨਾਲ ਹੁਣ ਤੱਕ ਪੈਟਰੋਲ 8.06 ਤੇ ਡੀਜ਼ਲ 8.37 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। -ਪੀਟੀਆਈ
ਪੈਟਰੋਲ ਡੀਜ਼ਲ ’ਤੇ ਟੈਕਸ ਲੋਕਾਂ ਦੀ ਲੁੱਟ ਦਾ ਜ਼ਰੀਆ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਪੈਟਰੋਲੀਅਮ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਤੇ ਪੁੱਛਿਆ ਕਿ ਸਰਕਾਰ ਪੈਟਰੋਲ-ਡੀਜ਼ਲ ’ਤੇ ਟੈਕਸ ਨੂੰ ਲੋਕਾਂ ਦੀ ਲੁੱਟ ਦਾ ਜ਼ਰੀਆ ਕਿਉਂ ਬਣਾ ਰਹੀ ਹੈ? ਕਾਂਗਰਸ ਦੀ ਜਨਰਲ ਸਕੱਤਰ ਨੇ ਫੇਸਬੁੱਕ ’ਤੇ ਕਿਹਾ ਕਿ ਜਦੋਂ ਸਾਲ 2013 ’ਚ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ 101 ਡਾਲਰ ਪ੍ਰਤੀ ਬੈਰਲ ਸਨ ਤਾਂ ਉਸ ਸਮੇਂ ਦੇਸ਼ ਦੇ ਲੋਕਾਂ ਨੂੰ ਪੈਟਰੋਲ 66 ਰੁਪਏ ਤੇ ਡੀਜ਼ਲ 51 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਦਾ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਪੈਟਰੋਲ ’ਤੇ 33 ਰੁਪਏ ਤੇ ਡੀਜ਼ਲ ’ਤੇ 32 ਰੁਪਏ ਟੈਕਸ ਵਸੂਲ ਰਹੀ ਹੈ। ਭਾਜਪਾ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ 12 ਗੁਣਾਂ ਟੈਕਸ ਵਧਾ ਦਿੱਤਾ ਹੈ। -ਪੀਟੀਆਈ
ਅਸਮਾਨੀ ਪੁੱਜੀਆਂ ਤੇਲ ਕੀਮਤਾਂ ਖਿਲਾਫ਼ ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ ਭਲਕੇ
ਚੰਡੀਗੜ੍ਹ (ਟਨਸ): ਦੇਸ਼ ਵਿੱਚ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਨੇ 29 ਜੂਨ ਨੂੰ ਇੱਕ ਨਿਵੇਕਲਾ ਰੋਸ਼ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਰੋਸ ਮਾਰਚ ਮਾਲਵਾ ਕਾਲਜ ਬੌਂਦੀ (ਸਮਰਾਲਾ) ਤੋਂ ਐੱਸਡੀਐੱਮ ਦਫ਼ਤਰ ਤੱਕ ਕੀਤਾ ਜਾਵੇਗਾ। ਇਸ ਦੀ ਅਗਵਾਈ ਸੰਯੁਕਤ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਕਰਨਗੇ। ਸ੍ਰੀ ਰਾਜੇਵਾਲ ਨੇ ਦੱਸਿਆ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਅਤੇ ਘੱਟੋ-ਘੱਟ ਸਮਰਥਨ ਮੁੱਲ ਉੱਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਵਾਸਤੇ ਕਾਨੂੰਨ ਬਣਵਾਉਣ ਦੀਆਂ ਮੰਗਾਂ ਨੂੰ ਲੈ ਕੇ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਲੜ ਰਹੇ ਹਨ, ਪਰ ਇਸੇ ਦੌਰਾਨ ਦੇਸ਼ ਵਿੱਚ ਲਗਾਤਾਰ ਨਿੱਤ ਦਿਨ ਤੇਲ ਕੀਮਤਾਂ ਵਧਾ ਕੇ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ। ਤੇਲ ਕੀਮਤਾਂ ਨਾਲ ਖੇਤੀ ਲਾਗਤਾਂ ਵਿੱਚ ਭਾਰੀ ਵਾਧਾ ਅਤੇ ਮਹਿੰਗਾਈ ਨੇ ਗਰੀਬ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਅੰਦੋਲਨ ਦੌਰਾਨ ਟਰੈਕਟਰ-ਟਰਾਲੀਆਂ ਵਿੱਚ ਆਰਜ਼ੀ ਘਰ ਵਸਾ ਕੇ ਰਹਿ ਰਹੇ ਕਿਸਾਨ ਅਤੇ ਦਿੱਲੀ ਦੀਆਂ ਸੜਕਾਂ ਵੱਲ ਹੋਏ ਟਰੈਕਟਰ ਮਾਰਚ ਕਾਰਨ ਟਰੈਕਟਰ ਇਸ ਸਮੇਂ ਵਿਰੋਧ ਦਾ ਇੱਕ ਵੱਡਾ ਚਿੰਨ੍ਹ ਬਣ ਚੁੱਕਾ ਹੈ। ਤੇਲ ਕੀਮਤਾਂ ਖਿਲਾਫ਼ ਰੋਸ ਮੁਜ਼ਾਹਰੇ ਵਿੱਚ ਵੀ ਸੈਂਕੜਿਆਂ ਦੀ ਤਾਦਾਦ ਵਿੱਚ ਟਰੈਕਟਰ ਰੱਸਿਆਂ ਨਾਲ ਬੰਨ ਕੇ ਮਾਲਵਾ ਕਾਲਜ ਤੋਂ ਐੱਸਡੀਐੱਮ ਦਫ਼ਤਰ ਤੱਕ ਖਿੱਚ ਕੇ ਲੈ ਜਾਏ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਢਿੱਡ ਭਰ ਕੇ ਲੋਕਾਂ ਦੇ ਮੂੰਹ ਦੀ ਬੁਰਕੀ ਤੱਕ ਖੋਹਣ ਵਿੱਚ ਲੱਗੀ ਹੋਈ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਇੱਕ ਬਹਾਨਾ ਹੈ ਕਿਉਂਕਿ ਅੱਧਾ ਪੈਸਾ ਤਾਂ ਸਰਕਾਰ ਆਬਕਾਰੀ ਡਿਊਟੀ ਦੇ ਨਾਮ ਉੱਤੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤੇਲ ਕੀਮਤਾਂ ਵਿੱਚ ਹੋਇਆ ਸਮੁੱਚਾ ਵਾਧਾ ਵਾਪਸ ਲਿਆ ਜਾਵੇ। ਕਿਸਾਨ ਆਗੂ ਨੇ ਕਿਸਾਨਾਂ-ਮਜ਼ਦੂਰਾਂ, ਵਪਾਰੀਆਂ ਅਤੇ ਹਰ ਵਰਗ ਦੇ ਲੋਕਾਂ ਨੂੰ ਤੇਲ ਕੀਮਤਾਂ ਵਿੱਚ ਵਾਧੇ ਖਿਲਾਫ਼ ਹੋਣ ਵਾਲੇ ਮੁਜ਼ਾਹਰੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।