ਨਵੀਂ ਦਿੱਲੀ: ਦੇਸ਼ ਭਰ ਵਿੱਚ ਲੰਘੇ ਕੱਲ੍ਹ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 25 ਪੈਸੇ ਤੇ 30 ਪੈਸੇ ਪ੍ਰਤੀ ਲਿਟਰ ਵਧਾਏ ਜਾਣ ਮਗਰੋਂ ਸ਼ੁੱਕਰਵਾਰ ਨੂੰ ਤੇਲ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ। ਸਰਕਾਰੀ ਈਂਧਨ ਪ੍ਰਚੂਨ ਵਿਕਰੇਤਾਵਾਂ ਦੇ ਮੁੱਲ ਨੋਟੀਫਿਕੇਸ਼ਨ ਅਨੁਸਾਰ, ਦਿੱਲੀ ਵਿੱਚ ਪੈਟਰੋਲ ਦੀ ਕੀਮਤ ਇਸ ਦੇ ਸਭ ਤੋਂ ਉੱਚੇ ਪੱਧਰ 101.89 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ ਵਿੱਚ 107.95 ਰੁਪਏ ਹੋ ਗਈ ਹੈ। ਡੀਜ਼ਲ ਦੇ ਭਾਅ ਵੀ ਦਿੱਲੀ ਵਿੱਚ 90.17 ਰੁਪਏ ਅਤੇ ਮੁੰਬਈ ਵਿੱਚ 97.84 ਰੁਪਏ ਦੇ ਰਿਕਾਰਡ ਉੱਚੇ ਪੱਧਰ ਨੂੰ ਛੂਹ ਗਏ। ਜ਼ਿਕਰਯੋਗ ਹੈ ਕਿ ਸਥਾਨਕ ਪੱਧਰ ਦੇ ਟੈਕਸਾਂ ਦੇ ਆਧਾਰ ’ਤੇ ਸੂਬਿਆਂ ਵਿੱਚ ਤੇਲ ਕੀਮਤਾਂ ਦੇ ਭਾਅ ਵੀ ਵੱਖੋ-ਵੱਖਰੇ ਹੁੰਦੇ ਹਨ। ਇਸ ਹਫ਼ਤੇ ਤੀਜੀ ਵਾਰ ਭਾਅ ਵਧਾਏ ਜਾਣ ਕਾਰਨ ਦੇਸ਼ ਦੇ ਵੱਡੇ ਨਗਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ 100 ਟੱਪ ਗਈਆਂ ਹਨ। ਦੇਸ਼ ਭਰ ਵਿੱਚੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਸਥਾਨਕ ਟੈਕਸਾਂ ਕਾਰਨ ਤੇਲ ਸਭ ਤੋਂ ਮਹਿੰਗਾ ਹੈ। -ਪੀਟੀਆਈ