ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ
ਸੁਪਰੀਮ ਕੋਰਟ ’ਚ ਇੱਕ ਅਰਜ਼ੀ ਦਾਇਰ ਕਰਕੇ ਕੇਂਦਰ ਸਰਕਾਰ ਤੇ ਰਾਜਾਂ ਨੂੰ ਹੇਠਲੀਆਂ ਅਦਾਲਤਾਂ ’ਚ ਸੁਰੱਖਿਆ ਵਾਸਤੇ ਤੁਰੰਤ ਕਦਮ ਚੁੱਕਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਵਕੀਲ ਵਿਸ਼ਾਲ ਤਿਵਾੜੀ ਵੱਲੋਂ ਇਹ ਅਰਜ਼ੀ 24 ਸਤੰਬਰ ਨੂੰ ਦਿੱਲੀ ਦੀ ਰੋਹਿਣੀ ਜ਼ਿਲ੍ਹਾ ਅਦਾਲਤ ਦੇ ਅੰਦਰ ਵਾਪਰੀ ਗੋਲੀਬਾਰੀ ਦੇ ਘਟਨਾ ਦੇ ਹਵਾਲਾ ਦਿੰਦਿਆਂ ਦਾਖਲ ਕੀਤੀ ਗਈ ਹੈ। ਉਕਤ ਘਟਨਾ ’ਚ ਤਿੰਨ ਗੈਂਗਸਟਰ ਮਾਰੇ ਗਏ ਤੇ ਇੱਕ ਲਾਅ ਇੰਟਰਨ ਜ਼ਖਮੀ ਹੋ ਗਈ ਸੀ।
ਤਿਵਾੜੀ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਪੈਂਡਿੰਗ ਪਟੀਸ਼ਨ ’ਚ ਦਾਇਰ ਅਰਜ਼ੀ ਵਿੱਚ ਨਿਆਂਇਕ ਅਧਿਕਾਰੀਆਂ ਤੇ ਵਕੀਲਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਗਿਆ ਹੈ। ਇਸ ਵਿੱਚ ਧਨਬਾਦ ਅਦਾਲਤ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਉੱਤਮ ਆਨੰਦ ਨੂੰ ਲੰਘੀ 28 ਜੁਲਾਈ ਨੂੰ ਝਾਰਖੰਡ ’ਚ ਇੱਕ ਵਾਹਨ ਦੀ ਟੱਕਰ ਨਾਲ ਕਥਿਤ ਤੌਰ ’ਤੇ ਮਾਰਨ ਦਾ ਹਵਾਲਾ ਵੀ ਦਿੱਤਾ ਗਿਆ ਹੈ। ਪਟੀਸ਼ਨਰ ਨੇ ਸੁਪਰੀਮ ਕੋਰਟ ਤੋਂ ਕੇਂਦਰ ਤੇ ਸੂਬਿਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਤੇ ਉਹ ਅਧੀਨ ਅਦਾਲਤਾਂ ’ਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਤੇ ਉਪਾਅ ਕਰਨ।
ਦਿੱਲੀ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਸੁਰੱਖਿਆ ਲਈ ਹਾਈ ਕੋਰਟ ’ਚ ਅਪੀਲ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ’ਚ ਇੱਕ ਪਟੀਸ਼ਨ ਦਾਇਰ ਕਰਕੇ ਜ਼ਿਲ੍ਹਾ ਅਦਾਲਤਾਂ ਵਿੱਚ ਰੱਖਿਆ ਅਤੇ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣੇ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ। ਰੋਹਿਣੀ ਅਦਾਲਤ ’ਚ ਸ਼ੁੱਕਰਵਾਰ ਨੂੰ ਵਾਪਰੀ ਦੀ ਗੋਲੀਬਾਰੀ ਦੀ ਘਟਨਾ ਮਗਰੋਂ ਦਾਖਲ ਪਟੀਸ਼ਨ ਮਹਿਲਾ ਵਕੀਲ ਦੀਪਾ ਜੋਸੇਫ਼ ਨੇ ਕਿਹਾ ਕਿ ਹੁਣ ਜ਼ਿਲ੍ਹਾ ਅਦਾਲਤਾਂ ’ਚ ਜਾਣਾ ਅਸੁਰੱਖਿਅਤ ਹੋ ਗਿਆ ਹੈ ਕਿਉਂਕਿ ਗੈਂਗਸਟਰਾਂ ਲਈ ਇਹ ਅਦਾਲਤਾਂ ਹੁਣ ਇੱਕ ਦੂਜੇ ਤੋਂ ਬਦਲਾ ਲੈਣ ਲਈ ‘ਸੌਖੇ ਟਿਕਾਣੇ’ ਬਣ ਗਈਆਂ ਹਨ। ਦੂਜੇ ਪਾਸੇ ਦਿੱਲੀ ਦੀ ਰੋਹਿਣੀ ਅਦਾਲਤ ’ਚ ਗੋਲੀਬਾਰੀ ਦੀ ਘਟਨਾ ਮਗਰੋਂ ਉਨ੍ਹਾਂ ਜੇਲ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਗੋਗੀ ਅਤੇ ਟਿੱਲੂ ਗਰੋਹ ਦੇ ਮੈਂਬਰ ਬੰਦ ਹਨ। -ਪੀਟੀਆਈ
ਜ਼ਿਲ੍ਹਾ ਅਦਾਲਤਾਂ ’ਚ ਵਕੀਲਾਂ ਨੇ ਕੰਮ ਠੱਪ ਰੱਖਿਆ
ਨਵੀਂ ਦਿੱਲੀ: ਦਿੱਲੀ ਦੀ ਰੋਹਿਣੀ ਅਦਾਲਤ ’ਚ ਸ਼ਨਿਚਰਵਾਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਮਗਰੋਂ ਦਿੱਲੀ ਦੀਆਂ ਜ਼ਿਲ੍ਹਾ ਅਦਾਲਤਾਂ ਦੇ ਵਕੀਲਾਂ ਵੱਲੋਂ ਅੱਜ ਕੰਮ ਠੱਪ ਰੱਖਿਆ ਗਿਆ। ਸਾਰੀਆਂ ਜ਼ਿਲ੍ਹਾ ਅਦਾਲਤਾਂ ਦੀ ਬਾਰ ਐਸੋਸੀਏਸ਼ਨ ਦੀ ਕਨਵੀਨਰ ਕਮੇਟੀ ਦੇ ਤਰਜਮਾਨ ਸੰਜੀਵ ਨੇ ਕਿਹਾ ਕਿ ਜ਼ਮਾਨਤ ਅਤੇ ਹਿਰਾਸਤ ਦੀ ਮਿਆਦ ਵਧਾਉਣ ਵਰਗੇ ਅਹਿਮ ਮਾਮਲਿਆਂ ਨੂੰ ਛੱਡ ਕੇ ਜ਼ਿਲ੍ਹਾ ਅਦਾਲਤਾਂ ’ਚ ਹੋਰ ਕੋਈ ਵੀ ਕੰਮ ਨਹੀਂ ਹੋਇਆ, ਕਿਉਂਕਿ ਵਕੀਲ ਜੱਜਾਂ ਸਾਹਮਣੇ ਪੇਸ਼ ਨਹੀਂ ਹੋਏ। ਇੱਥੇ ਸਾਰੀਆਂ ਸੱਤ ਅਦਾਲਤਾਂ ਵਿੱਚ ਸੁਰੱਖਿਆ ਪ੍ਰਬੰਧਾਂ ’ਚ ਤਬਦੀਲੀ ਕਰਨ ਦੀ ਮੰਗ ਕਰਦਿਆਂ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਸੀ। ਰੋਹਿਣੀ ਜ਼ਿਲ੍ਹਾ ਅਦਾਲਤ ਬਾਰ ਐਸੋਸੀਏਸ਼ਨ ਦੇ ਸਕੱਤਰ ਮਨਜੀਤ ਮਾਥੁਰ ਨੇ ਕਿਹਾ ਕਿ ਹੜਤਾਲ ਸ਼ਾਂਤੀਪੂਰਨ ਰਹੀ ਹੈ। -ਪੀਟੀਆਈ