ਨਵੀਂ ਦਿੱਲੀ, 19 ਮਈ
ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ‘ਟੂਲਕਿੱਟ’ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਰਾਹੀਂ ਕਾਂਗਰਸ ਪਾਰਟੀ ਦੀ ਰਜਿਸਟਰੇਸ਼ਨ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਜੇ ਪਾਰਟੀ ਖ਼ਿਲਾਫ਼ ਦੇਸ਼ ਵਿਰੋਧੀ ਕਾਰਵਾਈਆਂ ਦੇ ਲੱਗੇ ਦੋਸ਼ ਸਾਬਿਤ ਹੁੰਦੇ ਹਨ ਤਾਂ ਇਸ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਭਾਜਪਾ ਨੇ ਮੰਗਲਵਾਰ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਇਕ ‘ਟੂਲਕਿੱਟ’ ਤਿਆਰ ਕੀਤੀ ਹੈ ਜਿਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ਼ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪਟੀਸ਼ਨ ਵਕੀਲ ਸ਼ਸ਼ਾਂਕ ਸ਼ੇਖਰ ਝਾਅ ਨੇ ਦਾਇਰ ਕੀਤੀ ਹੈ ਤੇ ਕਾਰਵਾਈ ਲਈ ਕੇਂਦਰ ਨੂੰ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਝਾਅ ਨੇ ਸਿਖ਼ਰਲੀ ਅਦਾਲਤ ਨੂੰ ਨਾਲ ਹੀ ਇਹ ਬੇਨਤੀ ਵੀ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਜਾਣ ਤੇ ਮਹਾਮਾਰੀ ਦੌਰਾਨ ਜ਼ਰੂਰੀ ਵਸਤਾਂ ਭੰਡਾਰ ਕਰ ਕੇ ਰੱਖਣ ਵਾਲਿਆਂ ਵਿਰੁੱਧ ਹਦਾਇਤਾਂ ਜਾਰੀ ਕਰਨ ਲਈ ਕਿਹਾ ਜਾਵੇ। ਪਟੀਸ਼ਨ ਵਿਚ ਕਾਂਗਰਸ, ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਵੀ ਧਿਰ ਬਣਾਇਆ ਗਿਆ ਹੈ। -ਆਈਏਐਨਐੱਸ
ਕਾਂਗਰਸ ਨੇ ਭਾਜਪਾ ’ਤੇ ਮੁੜ ਨਿਸ਼ਾਨਾ ਸੇਧਿਆ
ਕਾਂਗਰਸ ਨੇ ਅੱਜ ਮੁੜ ਟੂਲਕਿੱਟ ਮਾਮਲੇ ’ਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਹੁਣ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਹੈ ਕਿ ਸੈਂਟਰਲ ਵਿਸਟਾ ਪ੍ਰਾਜੈਕਟ ’ਤੇ ਇਕ ਟੂਲਕਿੱਟ ਕਾਂਗਰਸ ਨੇ ਤਿਆਰ ਕੀਤੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਤਰਾ ਨੂੰ ਆਪਣੀ ਡਿਗਰੀ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਲਾਉਣੀ ਚਾਹੀਦੀ ਹੈ ਤੇ ‘ਡਰਾਮੇਬਾਜ਼ੀ’ ਵਿਚ ਨਹੀਂ ਪੈਣਾ ਚਾਹੀਦਾ। ਕਾਂਗਰਸ ਨੇ ਕਿਹਾ ਕਿ ਭਾਜਪਾ ਨੇ ਅਦਾਲਤ ਵਿਚ ਪਟੀਸ਼ਨ ਪਾ ਦਿੱਤੀ ਹੈ ਪਰ ਕਾਂਗਰਸ ਅਦਾਲਤ ਨਹੀਂ ਗਈ ਤੇ ਦਿੱਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸੇ ਦੌਰਾਨ ‘ਐਨਐੱਸਯੂਆਈ’ ਨੇ ਪਾਤਰਾ ਖ਼ਿਲਾਫ਼ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਵਾਈ ਹੈ ਤੇ ਭਾਜਪਾ ਉਤੇ ‘ਫਰਜ਼ੀ ਟੂਲਕਿੱਟ’ ਤਿਆਰ ਕਰਨ ਦਾ ਦੋਸ਼ ਲਾਇਆ ਹੈ।