ਨਵੀਂ ਦਿੱਲੀ, 19 ਜੂਨ
ਸੁਪਰੀਮ ਕੋਰਟ ਵਿਚ ਇਕ ਲੋਕ ਹਿੱਤ ਪਟੀਸ਼ਨ ਦਾਇਰ ਕਰ ਕੇ ਪੂਰੇ ਮੁਲਕ ਵਿਚ 6-14 ਸਾਲ ਦੇ ਸਾਰੇ ਬੱਚਿਆਂ ਲਈ ਇਕਸਾਰ ਸਿੱਖਿਆ ਪ੍ਰਣਾਲੀ ਤੇ ਸਾਂਝੇ ਪਾਠਕ੍ਰਮ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਭਾਜਪਾ ਆਗੂ ਤੇ ਐਡਵੋਕੇਟ ਅਸ਼ਿਵਨੀ ਕੁਮਾਰ ਉਪਾਧਿਆਏ ਨੇ ਦਾਖ਼ਲ ਕੀਤੀ ਹੈ। ਪਟੀਸ਼ਨਕਰਤਾ ਨੇ ‘ਇਕ ਮੁਲਕ ਇਕ ਸਿੱਖਿਆ ਬੋਰਡ’ ਕਾਇਮ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਅਦਾਲਤ ਨੂੰ ਹਦਾਇਤਾਂ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਇਸ ਵਿਚ ਆਈਸੀਐੱਸਈ ਤੇ ਸੀਬੀਐੱਸਈ ਨੂੰ ਇਕ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਕੇਂਦਰ ਤੇ ਸੂਬਿਆਂ ਨੇ ਇਕਸਾਰ ਸਿੱਖਿਆ ਪ੍ਰਣਾਲੀ, ਜਿਸ ਦਾ ਪਾਠਕ੍ਰਮ ਸਾਂਝਾ ਹੋਵੇ, ਬਾਰੇ ਢੁੱਕਵੇਂ ਕਦਮ ਨਹੀਂ ਚੁੱਕੇ। ਇਸ ਲਈ ਉਨ੍ਹਾਂ ਸੰਵਿਧਾਨ ਦੀ ਧਾਰਾ 21ਏ ਦਾ ਹਵਾਲਾ ਦਿੱਤਾ ਜੋ ਕਿ ਮੁਫ਼ਤ ਤੇ ਲਾਜ਼ਮੀ ਸਿੱਖਿਆ ਨਾਲ ਜੁੜਿਆ ਹੋਇਆ ਹੈ। -ਪੀਟੀਆਈ