ਨਵੀਂ ਦਿੱਲੀ, 2 ਨਵੰਬਰ
ਸੁਪਰੀਮ ਕੋਰਟ ਨੇ ਆਪਣੇ ਸਭ ਤੋਂ ਸੀਨੀਅਰ ਜੱਜ, ਜਸਟਿਸ ਡੀ.ਵਾਈ.ਚੰਦਰਚੂੜ ਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਹਲਫ਼ ਲੈਣ ਤੋਂ ਰੋਕਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਸਿਖਰਲੀ ਕੋਰਟ ਨੇ ਸਮੁੱਚੀ ਪਟੀਸ਼ਨ ਨੂੰ ‘ਗ਼ਲਤ ਅਰਥਾਂ ਵਿੱਚ ਪੇਸ਼ ਕੀਤੀ’ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ, ‘‘ਅਸੀਂ ਕੌਂਸਲ ਦੀਆਂ ਦਲੀਲਾਂ ਸੁਣੀਆਂ, ਪਰ ਸਾਨੂੰ ਸੁਣਵਾਈ ਲਈ ਕੋਈ ਕਾਰਨ ਨਜ਼ਰ ਨਹੀਂ ਆਇਆ….ਅਸੀਂ ਵੇਖਿਆ ਕਿ ਸਮੁੱਚੀ ਪਟੀਸ਼ਨ ਨੂੰ ਗ਼ਲਤ ਅਰਥਾਂ ਵਿੱਚ ਪੇਸ਼ ਕੀਤਾ ਗਿਆ ਹੈ।’’ ਇਸ ਤੋਂ ਪਹਿਲਾਂ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨ ’ਤੇ ਵੀਰਵਾਰ ਦੀ ਥਾਂ ਅੱਜ ਹੀ ਸੁਣਵਾਈ ਕਰਨ ਦੀ ਸਹਿਮਤੀ ਦਿੱਤੀ ਸੀ। ਸੀਜੇਆਈ ਨੇ ਕਿਹਾ ਸੀ, ‘‘ਮੇਰੇ ਭਰਾ ਤੇ ਭੈਣ (ਜਸਟਿਸ ਐੱਸ.ਰਵਿੰਦਰ ਭੱਟ ਤੇ ਜਸਟਿਸ ਬੇਲਾ.ਐੱਮ.ਤ੍ਰਿਵੇਦੀ) ਲਈ ਸਬੰਧਤ ਦਸਤਾਵੇਜ਼ ਲਿਆਂਦੇ ਜਾਣੇ। ਅਸੀਂ ਇਸ ਮਸਲੇ ਨੂੰ ਅੱਜ ਬਾਅਦ ਦੁਪਹਿਰ ਸੂਚੀਬੱਧ ਕਰਾਂਗੇ।’’ ਪਟੀਸ਼ਨ ਮੁਰਸਾਲਿਨ ਅਸੀਜੀਤ ਸ਼ੇਖ ਵੱਲੋਂ ਦਾਇਰ ਕੀਤੀ ਗਈ ਸੀ। ਅਗਲੇ ਚੀਫ਼ ਜਸਟਿਸ ਮਨੋਨੀਤ, ਜਸਟਿਸ ਚੰਦਰਚੂੜ ਨੇ 9 ਨਵੰਬਰ ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲੈਣਾ ਹੈ। -ਪੀਟੀਆਈ