ਬਾਲਾਗੜ੍ਹ (ਪੱਛਮੀ ਬੰਗਾਲ), 8 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਵੋਟਰਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਕੇਂਦਰੀ ਨੀਮ ਫੌਜੀ ਦਸਤਿਆਂ ਦੇ ਜਵਾਨ ਪਿੰਡਾਂ ਦੇ ਲੋਕਾਂ ਨੂੰ ਡਰਾਉਣ-ਧਮਕਾਉਣ ਪਹੁੰਚ ਸਕਦੇ ਹਨ। ਹੁਗਲੀ ਜ਼ਿਲ੍ਹੇ ਦੇ ਬਾਲਾਗੜ੍ਹ ’ਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਕੇਂਦਰੀ ਦਸਤੇ ‘ਅਮਿਤ ਸ਼ਾਹ ਦੇ ਕੇਂਦਰੀ ਗ੍ਰਹਿ ਮੰਤਰਾਲੇ’ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ, ‘ਮੈਂ ਕੇਂਦਰੀ ਅਰਧ ਸੈਨਿਕਾਂ ਦਾ ਸਨਮਾਨ ਕਰਦੀ ਹਾਂ ਪਰ ਉਹ ਦਿੱਲੀ ਦੀਆਂ ਹਦਾਇਤਾਂ ’ਤੇ ਕੰਮ ਕਰ ਰਹੇ ਹਨ। ਉਹ ਵੋਟਾਂ ਵਾਲੇ ਦਿਨ ਤੋਂ ਪਹਿਲਾਂ ਪਿੰਡਾਂ ਦੇ ਲੋਕਾਂ ’ਤੇ ਜ਼ੁਲਮ ਕਰਦੇ ਹਨ। ਕੁਝ ਤਾਂ ਮਹਿਲਾਵਾਂ ਦਾ ਸ਼ੋਸ਼ਣ ਕਰ ਰਹੇ ਹਨ। ਉਹ ਲੋਕਾਂ ਨੂੰ ਭਾਜਪਾ ਦੇ ਹੱਕ ’ਚ ਵੋਟਾਂ ਪਾਉਣ ਲਈ ਕਹਿ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’ ਬੈਨਰਜੀ ਨੇ ਕਿਹਾ ਕਿ ਸੂਬਾਈ ਪੁਲੀਸ ਦਸਤਿਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਦਿੱਲੀ ਸਾਹਮਣੇ ਝੁਕਣਾ ਨਹੀਂ ਚਾਹੀਦਾ। ਮੁੱਖ ਮੰਤਰੀ ਨੇ ਕਿਹਾ, ‘ਤੁਹਾਡਾ ਕੰਮ ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਉਣਾ ਹੈ। ਕਿਰਪਾ ਕਰਕੇ ਸ਼ਰਾਰਤੀ ਤੱਤਾਂ ਨਾਲ ਸਖ਼ਤੀ ਨਾਲ ਪੇਸ਼ ਆਓ ਅਤੇ ਇਕਜੁੱਟਤਾ ਬਣਾ ਕੇ ਰੱਖੋ।’ ਪਿੰਡਾਂ ਦੇ ਲੋਕਾਂ ਨੂੰ ਕੇਂਦਰੀ ਦਸਤਿਆਂ ਦੇ ਕਿਸੇ ਵੀ ਧੱਕੇ ਖ਼ਿਲਾਫ਼ ਸਥਾਨਕ ਥਾਣੇ ’ਚ ਐੱਫਆਈਆਰ ਦਰਜ ਕਰਵਾਉਣ ਦੀ ਸਲਾਹ ਦਿੰਦਿਆਂ ਬੈਨਰਜੀ ਨੇ ਕਿਹਾ, ‘ਜੇਕਰ ਥਾਣਿਆਂ ’ਚ ਐੱਫਆਈਆਰ ਦਰਜ ਨਾ ਕੀਤੀ ਜਾਵੇ ਤਾਂ ਸਾਨੂੰ ਸੂਚਿਤ ਕਰੋ।’ ਭਾਜਪਾ ’ਤੇ ਪੂਰੇ ਇਲਾਕੇ ’ਚ ਧਾਰਾ 144 ਲਾਗੂ ਹੋਣ ਦਾ ਝੂਠ ਫੈਲਾਉਣ ਦਾ ਦੋਸ਼ ਲਾਉਂਦਿਆਂ ਟੀਐੱਮਸੀ ਪ੍ਰਧਾਨ ਨੇ ਕਿਹਾ, ‘ਉਹ ਦਹਿਸ਼ਤ ਫੈਲਾਉਣ ਲਈ ਝੂਠ ਬੋਲਦੇ ਹਨ। ਅਸਲ ’ਚ ਕਿਸੇ ਵੀ ਬੂਥ ਦੇ 200 ਮੀਟਰ ਦੇ ਘੇਰੇ ’ਚ ਧਾਰਾ 144 ਲੱਗੀ ਹੁੰਦੀ ਹੈ। ਪਰ ਉਹ ਸਾਡੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਜਾਣ ਤੋਂ ਰੋਕਣ ਲਈ ਅਜਿਹਾ ਕਰ ਰਹੇ ਹਨ।’ ਉਨ੍ਹਾਂ ਵੋਟਰਾਂ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ਨੂੰ ‘ਇੱਕ ਹੋਰ ਗੁਜਰਾਤ’ ਨਾ ਬਣਨ ਦੇਣ। ਉਨ੍ਹਾਂ ਕਿਹਾ, ‘ਜੇਕਰ ਤੁਸੀਂ ਗੁਪਤੀਪਾੜਾ ਦੀ ਦੁਰਗਾ ਪੂਜਾ ਬਚਾਉਣਾ ਚਾਹੁੰਦੇ ਹੋ, ਜੇਕਰ ਤੁਸੀਂ ਦੁਰਗਾ ਪੂਜਾ ਵਰਗੇ ਤਿਉਹਾਰ ਬਚਾਉਣਾ ਚਾਹੁੰਦੇ ਹੋ ਤਾਂ ਭਾਜਪਾ ਨੂੰ ਹਰਾਓ।’ -ਪੀਟੀਆਈ