ਅਹਿਮਦਾਬਾਦ, 24 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਸਮਾਗਮਾਂ ਦੇ ਹਿੱਸੇ ਵਜੋਂ ਲੋਕਾਂ ਨੂੰ ਆਪਣੇ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ’ਤੇ 13 ਤੋਂ 15 ਅਗਸਤ ਤੱਕ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਹੈ। ਅਹਿਮਦਾਬਾਦ ਦੇ ਮਨੀਪੁਰ ਵਿੱਚ ਇੱਕ ਸਮਾਗਮ ਮੌਕੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ਤੇ ਨੌਜਵਾਨਾਂ ਵਿੱਚ ਆਜ਼ਾਦੀ ਤੋਂ ਲੈ ਕੇ ਪਿਛਲੇ 75 ਸਾਲਾਂ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਪੈਦਾ ਕਰਨਾ ਹੈ।
ਗਾਂਧੀਨਗਰ ਤੋਂ ਸੰਸਦ ਮੈਂਬਰ ਸ਼ਾਹ ਨੇ ਇਸ ਤੋਂ ਪਹਿਲਾਂ ਅਹਿਮਦਾਬਾਦ ਬੋਪਲ ਤੇ ਘੁਮਾ ਇਲਾਕਿਆਂ ਵਾਸਤੇ ਵਾਟਰ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਆਪਣੇ ਹਲਕੇ ਵਿੱਚ 211 ਕਰੋੜ ਰੁਪਏ ਦੀ ਲਾਗਤ ਵਾਲੇ 11 ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ। ਇਸ ਮੌਕੇ ਸ਼ਾਹ ਨੇ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਭਾਰਤ ਦੇ ਨੌਜਵਾਨਾਂ ਵਿੱਚ ਦੇਸ਼ਭਗਤੀ ਦੀ ਨਵੀਂ ਭਾਵਨਾ ਪੈਦਾ ਕਰਨ ਲਈ ਹੈ। ਮੁਹਿੰਮ ਦਾ ਉਦੇਸ਼ ਜਾਣੇ ਪਛਾਣੇ ਅਤੇ ਗੁੰਮਨਾਮ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਤਿਰੰਗੇ ਝੰਡੇ ਡਾਕਘਰਾਂ, ਸਹਿਕਾਰੀ ਸੁਸਾਇਟੀਆਂ, ਮਿਉਂਸਿਪਲ ਕਾਰਪੋਰੇਸ਼ਨ ਅਤੇ ਈ-ਕਾਮਰਸ ਵੈੱਬਸਾਈਟਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਉਪਲੱਬਧ ਹੋਣਗੇ। ਉਨ੍ਹਾਂ ਨੇ ਲੋਕਾਂ ਨੂੰ ਤਿਰੰਗੇ ਨਾਲ ਖਿੱਚੀ ਸੈਲਫੀ ਕੇਂਦਰ ਸਰਕਾਰ ਦੀਆਂ ਵੈੈੱਬਸਾਈਟਾਂ ’ਤੇ ਪੋਸਟ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਦਿਨਾ ਮੁਹਿੰਮ ਦੌਰਾਨ 13 ਤੋਂ 15 ਅਗਸਤ ਤੱਕ ਦੇਸ਼ ਭਰ ਵਿੱਚ 20 ਕਰੋੜ ਤੋਂ ਵੱਧ ਤਿਰੰਗੇ ਲਹਿਰਾਏ ਜਾਣਗੇ। -ਪੀਟੀਆਈ
ਸੂਬੇ ’ਚ 1.20 ਕਰੋੜ ਤਿਰੰਗੇ ਵੰਡੇਗੀ ਤਿਲੰਗਾਨਾ ਸਰਕਾਰ
ਹੈਦਰਾਬਾਦ: ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਸਮਾਗਮਾਂ ਮੱਦੇਨਜ਼ਰ ਤਿਲੰਗਾਨਾ ਸਰਕਾਰ ਨੇ 15 ਅਗਸਤ ਤੋਂ ਸੱਤ ਦਿਨ ਪਹਿਲਾਂ ਤੇ ਸੱਤ ਦਿਨ ਬਾਅਦ ਤੱਕ ਦੋ ਹਫ਼ਤੇ ‘ਸਵਤੰਤਰ ਭਾਰਤ ਵਜਰੋਸਤਵ ਦਵੀ ਸਪਤਾਹ’ ਮਨਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸਮਾਗਮਾਂ ਤਹਿਤ ਸੂਬੇ ਵਿੱਚ 1.20 ਕਰੋੜ ਤਿਰੰਗੇ ਝੰਡੇ ਵੰਡਣ ਦਾ ਫੈਸਲਾ ਵੀ ਕੀਤਾ ਹੈ। ਸ਼ਨਿਚਰਵਾਰ ਰਾਤ ਨੂੰ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕਿਹਾ, ‘‘ਸੂਬੇ ਵਿੱਚ ਹਰ ਘਰ ’ਤੇ ਤਿਰੰਗਾ ਲਹਿਰਾਉਣਾ ਚਾਹੀਦਾ ਹੈ। ਇਸ ਲਈ 1.20 ਕਰੋੜ ਤਿਰੰਗੇ ਝੰਡੇ ਉਪਲੱਬਧ ਹੋਣਗੇ।’’ -ਪੀਟੀਆਈ