ਨਵੀਂ ਦਿੱਲੀ, 1 ਮਈ
ਦਿੱਲੀ ਤੇ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ। ਜਾਣਕਾਰੀ ਮੁਤਾਬਕ ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 2 ਡਿਗਰੀ ਵੱਧ ਸੀ। ਇਸ ਦੌਰਾਨ ਭਾਰਤ ਦੇ ਮੌਸਮ ਵਿਭਾਗ ਮੁਤਾਬਕ ਕੌਮੀ ਰਾਜਧਾਨੀ ਵਿੱਚ ਗਰਮੀ ਹਵਾਵਾਂ ਦਾ ਦੌਰ ਜਾਰੀ ਰਿਹਾ। ਵਿਭਾਗ ਮੁਤਾਬਕ ਅੱਜ ਇੱਥੇ ਘੱਟੋ-ਘੱਟ ਤਾਪਮਾਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇੱਕ ਡਿਗਰੀ ਵੱਧ ਸੀ ਜਦਕਿ ਸਾਪੇਖਕ ਨਮੀ 62 ਤੋਂ 36 ਫ਼ੀਸਦੀ ਰਹੀ। ਦਿੱਲੀ-ਐੱਨਸੀਆਰ ਦੇ ਇਲਾਕਿਆਂ ਵਿੱਚ ਬੇਸ਼ੱਕ ਗਰਮੀ ਆਪਣਾ ਰੰਗ ਦਿਖਾ ਰਹੀ ਹੈ ਪਰ ਅੱਜ ਬੀਤੇ ਦਿਨਾਂ ਦੇ ਮੁਕਾਬਲੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਅੱਜ ਦਿੱਲੀ ਤੇ ਕਈ ਇਲਾਕਿਆਂ ਤੇ ਐੱਨਸੀਆਰ ਦੇ ਹਰਿਆਣਾ, ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ ਬੀਤੇ ਦਿਨਾਂ ਦੇ ਮੁਕਾਬਲੇ ਤਾਪਮਾਨ 4 ਤੋਂ 6 ਡਿਗਰੀ ਤੱਕ ਘੱਟ ਰਿਹਾ। ਮੌਸਮ ਮਾਹਿਰਾਂ ਨੇ ਭਲਕੇ ਸੋਮਵਾਰ ਨੂੰ ਦਿੱਲੀ ਵਿੱਚ ਅੰਸ਼ਕ ਬੱਦਲਵਾਈ ਦੀ ਭਵਿੱਖਬਾਣੀ ਕੀਤੀ ਹੈ, ਜਿਸ ਦੌਰਾਨ ਹਨੇਰੀ ਤੇ ਗਰਜ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ, ਜਿਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ’ਤੇ ਮੰਗਲਵਾਰ ਤੋਂ ਮੌਸਮ ਵਿੱਚ ਬਦਲਾਅ ਆ ਸਕਦਾ ਹੈ ਜਦਕਿ ਬੁੱਧਵਾਰ ਤੇ ਵੀਰਵਾਰ ਨੂੰ ਰਾਜਧਾਨੀ ਦੇ ਕਈ ਇਲਾਕਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਤੋਂ ਬਾਅਦ ਗਰਮੀ ਤੋਂ ਰਾਹਤ ਵੀ ਮਿਲ ਸਕਦੀ ਹੈ। ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਆਉਣ ਵਾਲੇ ਤਿੰਨ ਦਿਨਾਂ ਵਿੱਚ ਦਿੱਲੀ ਤੇ ਨਾਲ ਲੱਗਦੇ ਖਿੱਤਿਆਂ ਵਿੱਚ ਗਰਮ ਹਵਾਵਾਂ ਦਾ ਦੌਰ ਜਾਰੀ ਰਹੇਗਾ। ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਕੁਝ ਥਾਵਾਂ ’ਤੇ 2 ਤੋਂ 4 ਮਈ ਦੇ ਵਿਚਕਾਰ ਹਨੇਰੀਆਂ ਜਾਂ ਗਰਜ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਪਿਛਲੇ 72 ਸਾਲਾਂ ਵਿੱਚ ਦੂਜੀ ਵਾਰ ਅਪਰੈਲ ਮਹੀਨੇ ’ਚ ਇੰਨੀ ਜ਼ਿਆਦਾ ਗਰਮੀ ਪਈ ਹੈ ਜਿਸ ਦੌਰਾਨ ਮਹੀਨੇ ਵਿੱਚ ਵੱਧ ਤੋਂ ਵੱਧ ਔਸਤ ਤਾਪਮਾਨ 40.2 ਡਿਗਰੀ ਦਰਜ ਕੀਤਾ ਗਿਆ ਹੈ ਜਦਕਿ ਸਾਲ 2010 ਵਿੱਚ ਦਿੱਲੀ ਵਿੱਚ ਇੱਕ ਮਹੀਨੇ ’ਚ ਵੱਧ ਤੋਂ ਵੱਧ ਔਸਤ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। -ਪੀਟੀਆਈ