ਪੰਚਮਹਿਲ, 28 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਸਿਆਸੀ ਕਿਲ੍ਹੇ ਨੂੰ ਢਾਹ ਕੇ ਗੁਜਰਾਤ ਦੇ ਲੋਕ ਰਾਜਨੀਤੀ ਦੇ ਨਵੇਂ ਦੌਰ ਵਿਚ ਪ੍ਰਵੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਭਾਜਪਾ ਪਿਛਲੇ 27 ਸਾਲਾਂ ਤੋਂ ਗੁਜਰਾਤ ਦੀ ਸੱਤਾ ’ਤੇ ਕਾਬਜ਼ ਹੈ। ਮਾਨ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੂੰ ਵੱਡੀ ਜਿੱਤ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ‘ਆਪ’ ਦੇ ਹੱਕ ਵਿਚ ਫ਼ਤਵਾ ਦੇਣ ਦਾ ਮਨ ਬਣਾ ਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਧਿਰ ‘ਆਪ’ ਨੂੰ ਦੂਜਿਆਂ ਦੀ ‘ਬੀ ਟੀਮ’ ਕਰਾਰ ਦੇ ਕੇ ਪਾਰਟੀ ਦੀ ਸਾਖ਼ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ‘ਆਪ’ ਗੁਜਰਾਤ ਦੇ ਲੋਕਾਂ ਤੇ 130 ਕਰੋੜ ਭਾਰਤੀਆਂ ਦੀ ਪਾਰਟੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਇਮਾਨਦਾਰੀ ਤੇ ਲੋਕ ਪੱਖੀ ਪਹੁੰਚ ਨਾਲ ਦਹਾਕਿਆਂ ਪੁਰਾਣੀ ਗੰਦਗੀ ਨੂੰ ਸਾਫ਼ ਕਰ ਕੇ ਭਾਰਤ ਨੂੰ ਨੰਬਰ ਇਕ ਬਣਾਉਣ ਵਿਚ ਲੱਗੀ ਹੋਈ ਹੈ। ਮਾਨ ਨੇ ਰਾਜ ਵਿਚ ਲੋਕਾਂ ਦੀ ਮਾੜੀ ਹਾਲਤ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਭਗਵਾਂ ਪਾਰਟੀ ਲੋਕਾਂ ਦੀ ਸੰਪਤੀ ਦੀ ਲੁੱਟ ਲਈ ਜ਼ਿੰਮੇਵਾਰ ਹੈ। ਮੁੱਖ ਮੰਤਰੀ ਤੇ ‘ਆਪ’ ਆਗੂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ ਤੇ ਸਿਹਤ ਜਿਹੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਪਰ ਹੁਣ ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਮਾਨ ਨੇ ਕਿਹਾ ਕਿ ਗੁਜਰਾਤ ਵਿਚ ‘ਆਪ’ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਤੇ ਸੂਬੇ ਦੇ ਲੋਕ ਇੱਥੇ ਦਿੱਲੀ ਤੇ ਪੰਜਾਬ ਵਾਲਾ ਇਤਿਹਾਸ ਦੁਹਰਾਉਣਗੇ। -ਪੀਟੀਆਈ
ਗੁਜਰਾਤ ਸਰਕਾਰ ਵੱਲੋਂ ਮੀਂਹ ਪ੍ਰਭਾਵਿਤ ਕਿਸਾਨਾਂ ਨੂੰ 630 ਕਰੋੜ ਦਾ ਪੈਕੇਜ
ਅਹਿਮਦਾਬਾਦ: ਭਾਰੀ ਮੌਨਸੂਨ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸਨ, ਲਈ ਗੁਜਰਾਤ ਸਰਕਾਰ ਨੇ 630.34 ਕਰੋੜ ਰੁਪਏ ਦੀ ਵਿਤੀ ਸਹਾਇਤਾ ਜਾਰੀ ਕਰ ਦਿੱਤੀ ਹੈ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਾਟਿਲ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਤੀ ਸਹਾਇਤਾ ਦੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਪੈਕੇਜ ਤਹਿਤ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 6800 ਰੁਪਏ ਵਿੱਤੀ ਸਹਾਇਤਾ ਮਿਲੇਗੀ। -ਪੀਟੀਆਈ