ਮਹਿਸਾਨਾ, 6 ਜੂਨ
ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਕਿਹਾ ਕਿ ਗੁਜਰਾਤ ਦੇ ਲੋਕ ਰਾਜਨੀਤਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਭਾਜਪਾ ਨੂੰ ‘ਠੀਕ’ ਕਰਨ ਲਈ ਇਕੋ-ਇਕ ‘ਦਵਾਈ’ ਹੈ। ਕੇਜਰੀਵਾਲ ਨੇ ਮਹਿਸਾਨਾ ਸ਼ਹਿਰ ਵਿਚ ‘ਆਪ’ ਦੀ ਤਿਰੰਗਾ ਯਾਤਰਾ ਤੇ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਕੇਵਲ ਉਨ੍ਹਾਂ ਦੀ ਪਾਰਟੀ ਤੋਂ ਡਰਦੀ ਹੈ ਕਿਉਂਕਿ ਇਹ ‘ਈਮਾਨਦਾਰ ਤੇ ਦੇਸ਼ਭਗਤ’ ਪਾਰਟੀ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਜਦ ਲੋਕ ਭਾਜਪਾ ਦੇ ਖ਼ਿਲਾਫ਼ ਬੋਲਦੇ ਹਨ ਤਾਂ ਸੱਤਾਧਾਰੀ ਪਾਰਟੀ ‘ਗੁੰਡਾਗਰਦੀ’ ਦਾ ਸਹਾਰਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ‘ਪਰਿਵਰਤਨ ਯਾਤਰਾ’ ਦੌਰਾਨ ਹਜ਼ਾਰਾਂ ਲੋਕਾਂ ਨੇ ‘ਆਪ’ ਨੇਤਾਵਾਂ ਨੂੰ ਕਿਹਾ ਹੈ ਕਿ ਉਹ ਗੁਜਰਾਤ ਵਿਚ ਤਬਦੀਲੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਗੁਜਰਾਤ ਬਦਲਾਅ ਦੀ ਰਾਹ ਦੇਖ ਰਿਹਾ ਹੈ। ਗੁਜਰਾਤ ਭਾਜਪਾ ਤੇ ਉਸ ਦੀ ਭੈਣ ਕਾਂਗਰਸ ਤੋਂ ਤੰਗ ਆ ਚੁੱਕਾ ਹੈ।’ -ਪੀਟੀਆਈ