ਨਵੀਂ ਦਿੱਲੀ, 23 ਜੁਲਾਈ
ਪੱਤਰਕਾਰ ਸੀਮਾ ਮੁਸਤਫ਼ਾ ਨੇ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਐਕਟ (ਸੀਏਏ) ਖਿਲਾਫ਼ ਮਹੀਨਿਆਂਬੱਧੀ ਚੱਲੀ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਲੋਕ ਕਿਸੇ ਮੁਹਿੰਮ ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਇਹ ਬੜਾ ਨਿਵੇਕਲਾ ਨਜ਼ਾਰਾ ਸੀ ਜਦੋਂ ਮੁਕਾਮੀ ਔਰਤਾਂ ਪੂਰੇ ਨਿੱਘ ਤੇ ਆਪਣੀ ਮਰਜ਼ੀ ਨਾਲ ਘਰੋਂ ਬਾਹਰ ਨਿਕਲ ਕੇ ਇਸ ਮੁਹਿੰਮ ਵਿੱਚ ਸ਼ਾਮਲ ਹੋਈਆਂ।
‘ਸ਼ਾਹੀਨ ਬਾਗ਼ ਐਂਡ ਦਿ ਆਇਡੀਆ ਆਫ਼ ਇੰਡੀਆ’ ਨਾਂ ਦੀ ਕਿਤਾਬ ਦਾ ਸੰਪਾਦਨ ਕਰਨ ਵਾਲੀ ਮੁਸਤਫ਼ਾ ਨੇ ਕਿਹਾ, ‘ਦਿੱਲੀ ਦੀਆਂ ਸੜਕਾਂ ’ਤੇ ਇਕ ਵੱਖਰਾ ਹੀ ਨਜ਼ਾਰਾ ਸੀ। ਚਿਹਰਿਆਂ ’ਤੇ ਹਾਸੇ, ਇਕਜੁੱਟ ਰਹਿਣ ਦਾ ਭਰੋਸਾ, ਦਲੇਰੀ….ਮੇਰਾ ਮੰਨਣਾ ਹੈ ਕਿ ਇਹ ਸਭ ਇਸ ਕਰਕੇ ਸੀ ਕਿਉਂਕਿ ਇਹ ਮੁਹਿੰਮ ਨਾ ਤਾਂ ਸਿਆਸੀ ਸੀ ਤੇ ਨਾ ਹੀ ਕੋਈ ਸਿਆਸਤਦਾਨ ਇਸ ਦੀ ਅਗਵਾਈ ਕਰ ਰਿਹਾ ਸੀ। ਇਸ ਵਿੱਚ ਸ਼ਾਮਲ ਲੋਕ ਆਪਣੀ ਮਰਜ਼ੀ ਨਾਲ ਆਏ ਸੀ ਤੇ ਉਨ੍ਹਾਂ ਇਸ ਥਾਂ ਨੂੰ ਪ੍ਰਦਰਸ਼ਨ ਦਾ ਕੇਂਦਰ ਬਣਾਇਆ। ਨਾਗਰਿਕਤਾ ਦੀ ਮੰਗ ਪੂਰੀ ਹੋਣ ਤਕ ਇਥੋਂ ਨਾ ਹਟਣ ਦਾ ਔਰਤਾਂ ਦਾ ਸੰਕਲਪ ਤੇ ਨਿਸ਼ਚਾ ਕਮਾਲ ਦਾ ਸੀ।’ ਇਹ ਕਿਤਾਬ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਦਾ ਸੰਗ੍ਰਹਿ ਹੈ। ਸੀਮਾ ਨੇ ਕਿਹਾ ਕਿ ਕਿਤਾਬ ਦਾ ਵਿਚਾਰ ਛਾਪਕ ਰਵੀ ਸਿੰਘ ਤੇ ਰੇਣੂਕਾ ਦਾ ਸੀ, ਜੋ ਇਸ ਮੁਹਿੰਮ ਨੂੰ ਇਕ ਦਸਤਾਵੇਜ਼ ਦਾ ਰੂਪ ਦੇਣ ਲਈ ਪੱਬਾਂ ਭਾਰ ਸੀ। -ਆਈਏਐੱਨਐੱਸ