ਸ੍ਰੀਨਗਰ, 15 ਅਕਤੂਬਰ
ਗੁਪਕਾਰ ਗੱਠਜੋੜ (ਪੀਏਜੀਡੀ) ਨੇ ਵੋਟਰ ਸੂਚੀਆਂ ਵਿੱਚ ਸੋਧ ਦੇ ਨਾਂ ’ਤੇ ਹੇਰਾਫੇਰੀ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਇਸ ਨਾਲ ਪੂਰੇ ਜੰਮੂ-ਕਸ਼ਮੀਰ ਵਿੱਚ ਚਿੰਤਾ ਦੀ ਲਹਿਰ ਪੈਦਾ ਹੋ ਗਈ ਹੈ ਅਤੇ ਲੋਕਾਂ ਤੇ ਸਿਆਸੀ ਦਲਾਂ ਨੂੰ ਇਸ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਗੱਠਜੋੜ ਦੀ ਮੀਟਿੰਗ ਮਗਰੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀਏਜੀਡੀ ਦੇ ਤਰਜਮਾਨ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਨੇਤਾ ਐੱਮ.ਵਾਈ. ਤਰੀਗਾਮੀ ਨੇ ਇੱਕ ਸਾਲ ਤੋਂ ਵੱਧ ਸਮੇਂ ਇੱਥੇ ਰਹਿਣ ਵਾਲਿਆਂ ਨੂੰ ਰਿਹਾਇਸ਼ ਸਰਟੀਫਿਕੇਟ ਜਾਰੀ ਕਰਨ ਲਈ ਤਹਿਸੀਲਦਾਰਾਂ ਨੂੰ ਅਧਿਕਾਰ ਦੇਣ ਅਤੇ ਉਨ੍ਹਾਂ ਨੂੰ ਵੋਟਰ ਸੂੁਚੀਆਂ ਦੀ ਚੱਲ ਰਹੀ ਸੁਧਾਈ ਵਿੱਚ ਸ਼ਾਮਲ ਕਰਨ ਦੇ ਹੁਣ ਵਾਪਸ ਲਏ ਜਾ ਚੁੱਕੇ ਹੁਕਮ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ, ਇਸ ਦੀ ਕੀ ਲੋੜ ਸੀ? ਮੀਟਿੰਗ ਵਿੱਚ ਸਿਆਸੀ ਸਥਿਤੀ ਦਾ ਜਾਇਜ਼ਾ ਲਿਆ ਗਿਆ। -ਪੀਟੀਆਈ
ਜੰਮੂ-ਕਸ਼ਮੀਰ: ਪੰਜ ਮੁਲਾਜ਼ਮ ਬਰਖਾਸਤ
ਜੰਮੂ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਪੁਲੀਸ ਮੁਲਾਜ਼ਮ ਅਤੇ ਬੈਂਕ ਮੈਨੇਜਰ ਸਮੇਤ ਪੰਜ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਬਾਰਾਮੁੱਲਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ ਦੇ ਮੈਨੇਜਰ ਅਫਾਕ ਅਹਿਮਦ ਵਾਨੀ, ਜੰਮੂ ਕਸ਼ਮੀਰ ਪੁਲੀਸ ਵਿੱਚ ਕਾਂਸਟੇਬਲ ਤਨਵੀਰ ਸਲੀਮ ਡਾਰ, ਪਿੰਡ ਪੱਧਰੀ ਮੁਲਾਜ਼ਮ ਸਈਅਦ ਇਫਤਿਖਾਰ ਅੰਦਰਾਬੀ, ਬਾਰਾਮੁੱਲਾ ਵਿੱਚ ਜਲ ਸ਼ਕਤੀ ਵਿਭਾਗ ਵਿੱਚ ਚੌਕੀਦਾਰ ਇਰਸ਼ਾਦ ਅਹਿਮਦ ਖਾਨ ਅਤੇ ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਹੰਦਵਾੜਾ ਸਬ-ਡਿਵੀਜ਼ਨ ਵਿੱਚ ਸਹਾਇਕ ਲਾਈਨਮੈਨ ਅਬਦੁਲ ਮੋਮਿਨ ਪੀਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਬਾਂਦੀਪੋਰਾ ’ਚ ਆਈਈਡੀ ਬਰਾਮਦ: ਬਾਂਦੀਪੋਰਾ ਜ਼ਿਲ੍ਹੇ ’ਚ ਧਮਾਕਾਖੇਜ਼ ਸਮੱਗਰੀ ਬਰਾਮਦ ਕਰ ਕੇ ਵੱਡਾ ਹਾਦਸਾ ਹੋਣੋਂ ਟਲ ਗਿਆ। ਅਸਤਾਂਗੋ ਇਲਾਕੇ ’ਚ ਕਰੀਬ 18 ਕਿਲੋਗ੍ਰਾਮ ਵਜ਼ਨੀ ਆਈਈਡੀ ਨੂੰ ਦੋ ਗੈਸ ਸਲੰਡਰਾਂ ਨਾਲ ਜੋੜਿਆ ਗਿਆ ਸੀ। -ਪੀਟੀਆਈ