ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ‘ਰੱਖਿਆ ਪੈਨਸ਼ਨਰਾਂ’ ਨੂੰ ਮਹੀਨਵਾਰ ਪੈਨਸ਼ਨ ਦੀ ਸੁਚਾਰੂ ਪ੍ਰਕਿਰਿਆ ਯਕੀਨੀ ਬਣਾਉਣ ਲਈ 25 ਮਈ ਤੱਕ ਆਪਣੀ ‘ਸਾਲਾਨਾ ਪਛਾਣ’ ਪੂਰੀ ਕਰਨ ਦੀ ਅਪੀਲ ਕੀਤੀ ਹੈ। ਮੰਤਰਾਲੇ ਮੁਤਾਬਕ ਮੰਗਲਵਾਰ ਤੱਕ ਪ੍ਰਾਪਤ ਅੰਕੜਿਆਂ ਦੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਆਨਲਾਈਨ ਪੈਨਸ਼ਨ ਵੰਡ ਪ੍ਰਣਾਲੀ ‘ਸਪਰਸ਼’ ਦੀ ਚੋਣ ਕਰਨ ਵਾਲੇ 43,774 ਰੱਖਿਆ ਪੈਨਸ਼ਨਰਾਂ ਨੇ ਆਪਣੀ ਸਾਲਾਨਾ ਪਛਾਣ ਆਨਲਾਈਨ ਜਾਂ ਆਪਣੇ ਸਬੰਧਤ ਬੈਂਕਾਂ ਰਾਹੀਂ ਪੂਰੀ ਨਹੀਂ ਕੀਤੀ। ਮੰਤਰਾਲੇ ਨੇ ਕਿਹਾ, ‘‘ਇਸ ਤੋਂ ਇਲਾਵਾ 2016 ਤੋਂ ਪਹਿਲਾਂ ਸੇਵਾਮੁਕਤ ਅਤੇ ਪੈਨਸ਼ਨ ਦੀ ਪੁਰਾਣੀ ਪ੍ਰਣਾਲੀ ਵਾਲੇ ਪੁਰਾਣੇ ਪੈਨਸ਼ਨਧਾਰਕਾਂ ਦੇ ਮਾਮਲੇ ਵਿੱਚ ਸੂੁਚਿਤ ਕੀਤਾ ਜਾਂਦਾ ਹੈ ਕਿ ਲਗਭਗ 1.2 ਲੱਖ ਪੈਨਸ਼ਨਰਾਂ ਨੇ ਉਪਲੱਬਧ ਕਿਸੇ ਵੀ ਮਾਧਿਅਮ ਰਾਹੀਂ ਆਪਣੀ ਸਾਲਾਨਾ ਪਛਾਣ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ।’’ -ਪੀਟੀਆਈ