ਨਵੀਂ ਦਿੱਲੀ, 28 ਅਕਤੂਬਰ
ਭਾਰਤ ਵਿੱਚ ਇਜ਼ਰਾਈਲ ਦੇ ਨਵੇਂ ਰਾਜਦੂਤ ਨਾਓਰ ਗਿਲੋਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਐੱਨਐੱਸਓ ਜਿਹੀਆਂ ਕੰਪਨੀਆਂ ਨੂੰ ਆਪਣੇ ਉਤਪਾਦ ਗੈਰ-ਸਰਕਾਰੀ ਪ੍ਰਬੰਧਕਾਂ ਨੂੰ ਵੇਚਣ ਦੀ ਇਜਾਜ਼ਤ ਨਹੀਂ ਦਿੰਦਾ। ਨਵਨਿਯੁਕਤ ਇਜ਼ਰਾਇਲੀ ਰਾਜਦੂਤ ਨੇ ਕਿਹਾ ਕਿ ਇਸ ਫਰਮ ਦੇ ਸਪਾਈਵੇਅਰ ਪੈਗਾਸਸ ਦੀ ਕਥਿਤ ਭਾਰਤ ਵਿੱਚ ਵਰਤੋਂ ਕੀਤੇ ਜਾਣਾ, ਇਸ ਮੁਲਕ ਦਾ ਅੰਦਰੂਨੀ ਮਸਲਾ ਹੈ। ਗਿਲੋੋਨ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਜੇ ਇਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕੁਝ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਪੱਤਰਕਾਰ, ਕਾਰਕੁਨ ਤੇ ਹੋਰ ਸਿਆਸਤਦਾਨ ਸ਼ਾਮਲ ਹਨ, ਦੀ ਜਾਸੂਸੀ ਲਈ ਕਥਿਤ ਪੈਗਾਸਸ ਸਾਫ਼ਟਵੇਅਰ ਦੀ ਵਰਤੋਂ ਕੀਤੇ ਜਾਣ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ।
ਇਜ਼ਰਾਇਲੀ ਰਾਜਦੂਤ ਨੇ ਕਿਹਾ, ‘‘ਮੈਂ ਇਸ ਮਸਲੇ ਦੇ ਬਹੁਤਾ ਵਿਸਥਾਰ ਵਿੱਚ ਨਹੀਂ ਜਾਵਾਂਗਾ…ਐੱਨਐੱਸਏ (ਸਮੂਹ) ਇਕ ਨਿੱਜੀ ਇਜ਼ਰਾਇਲੀ ਕੰਪਨੀ ਹੈ। ਐੱਨਐੱਸਓ ਜਾਂ ਅਜਿਹੀਆਂ ਹੋਰ ਕੰਪਨੀਆਂ ਨੇ ਹਰੇਕ ਬਰਾਮਦ ਲਈ ਇਜ਼ਰਾਇਲੀ ਸਰਕਾਰ ਵੱਲੋਂ ਬਰਾਮਦ ਲਾਇਸੈਂਸ ਦੀ ਲੋੜ ਪੈਂਦੀ ਹੈ। ਅਸੀਂ ਇਸ ਬਰਾਮਦਗੀ ਲਾਇਸੈਂਸ ਦੀ ਪ੍ਰਵਾਨਗੀ ਸਿਰਫ਼ ਸਰਕਾਰਾਂ ਨੂੰ ਬਰਾਮਦ ਕਰਨ ਲਈ ਹੀ ਦਿੰਦੇ ਹਾਂ।’’ ਗਿਲੋਨ ਨੇ ਕਿਹਾ, ‘‘ਸਿਰਫ਼ ਇਹੀ ਮੁੱਖ ਲੋੜ ਹੈ….ਹੋਰਨਾਂ ਸ਼ਰਤਾਂ ਤਹਿਤ ਇਸ ਸਾਫ਼ਟਵੇਅਰ ਨੂੰ ਗੈਰ-ਸਰਕਾਰੀ ਪ੍ਰਬੰਧਕਾਂ ਨੂੰ ਨਹੀਂ ਵੇਚਿਆ ਜਾ ਸਕਦਾ। ਭਾਰਤ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਭਾਰਤ ਦਾ ਅੰਦਰੂਨੀ ਮਸਲਾ ਹੈ ਤੇ ਮੈਂ ਇਸ ਅੰਦਰੂਨੀ ਮਸਲੇ ਵਿੱਚ ਦਖ਼ਲ ਨਹੀਂ ਦੇਣਾ ਚਾਹਾਂਗਾ।’’ -ਪੀਟੀਆਈ
ਸੁਪਰੀਮ ਕੋਰਟ ਦੇ ਹੁਕਮਾਂ ਵਿਚਲੇ ਬਿਆਨ ਤੋਂ ਚਿਦੰਬਰਮ ਬੇਚੈਨ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਜਾਸੂਸੀ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਲੰਘੇ ਦਿਨ ਕੀਤੇ ਹੁਕਮਾਂ ਵਿੱਚ ਇਕ ਬਿਆਨ ਕਿ ਕਈ ਲੋਕਾਂ ਨੇ ਜਾਂਚ ਕਮੇਟੀ ਦਾ ਮੈਂਬਰ ਬਣਨ ਤੋਂ ‘ਨਿਮਰਤਾ ਨਾਲ ਨਾਂਹ’ ਕਰ ਦਿੱਤੀ ਸੀ, ਕਰਕੇ ਬੇਚੈਨ ਹਨ । ਚਿਦੰਬਰਮ ਨੇ ਜ਼ੋਰ ਦੇ ਕੇ ਆਖਿਆ ਕਿ ਇਸ ‘ਪ੍ਰਸੰਗ’ ਤੋਂ ਸਾਫ਼ ਹੈ ਕਿ ਮੁਲਕ, ਮਹਾਤਮਾ ਗਾਂਧੀ ਦੇ ਉਸ ਉਪਦੇਸ਼ ਕਿ ਭਾਰਤੀਆਂ ਨੂੰ ਆਪਣੇ ਹਾਕਮਾਂ ਤੋਂ ਨਹੀਂ ਡਰਨਾ ਚਾਹੀਦਾ, ਤੋਂ ਕਿੰਨੀ ਦੂਰ ਨਿਕਲ ਆਇਆ ਹੈ। ਚਿਦੰਬਰਮ ਨੇ ਟਵੀਟ ਕੀਤਾ, ‘‘ਮੈਂ ਸੁਪਰੀਮ ਕੋਰਟ ਦੇ ਹੁਕਮਾਂ ਵਿਚਲੇ ਇਕ ਬਿਆਨ ਤੋਂ ਬੇਚੈਨ ਹਾਂ ਕਿ ਕਈ ਵਿਅਕਤੀਆਂ ਨੂੰ ਪੈਗਾਸਸ ਵਿਵਾਦ ਦੀ ਜਾਂਚ ਲਈ ਕਮੇਟੀ ਦਾ ਮੈਂਬਰ ਬਣਨ ਦੀ ਗੁਜ਼ਾਰਿਸ਼ ਕੀਤੀ ਗਈ, ਜਿਸ ਨੂੰ ਬੜੀ ‘ਨਿਮਰਤਾ ਨਾਲ ਨਾਂਹ’ ਕਹਿ ਦਿੱਤੀ ਗਈ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕੀ ਕੋਈ ਵਿਵੇਕਸ਼ੀਲ ਨਾਗਰਿਕ ਦੇਸ਼ ਹਿੱਤ ਨਾਲ ਜੁੜੀ ਸੁਪਰੀਮ ਕੋਰਟ ਦੀ ਕਿਸੇ ਅਪੀਲ ਨੂੰ ਨਾਂਹ ਕਰ ਸਕਦਾ ਹੈ। ਚਿਦੰਬਰਮ ਨੇ ਕਿਹਾ, ‘‘ਇਸ ਪ੍ਰਸੰਗ ਤੋਂ ਸਾਫ਼ ਹੈ ਕਿ ਅਸੀਂ ਮਹਾਤਮਾ ਗਾਂਧੀ ਦੇ ਇਸ ਉਪਦੇਸ਼ ਕਿ ‘ਭਾਰਤੀਆਂ ਨੂੰ ਆਪਣੇ ਹਾਕਮਾਂ ਤੋਂ ਨਹੀਂ ਡਰਨਾ ਚਾਹੀਦਾ’ ਤੋਂ ਕਿਤੇ ਦੂਰ ਨਿਕਲ ਆਏ ਹਾਂ।’’ -ਪੀਟੀਆਈ
ਸੁਪਰੀਮ ਕੋਰਟ ਦੇ ਪੱਤਰ ਦੀ ਉਡੀਕ: ਜਸਟਿਸ ਰਵੀਂਦਰਨ
ਬੰਗਲੂਰੂ: ਸੁਪਰੀਮ ਕੋਰਟ ਦੇ ਸਾਬਕਾ ਜੱਜ ਆਰ.ਵੀ.ਰਵੀਂਦਰਨ, ਜਿਨ੍ਹਾਂ ਨੂੰ ਕੁਝ ਭਾਰਤੀਆਂ ਦੀ ਜਾਸੂਸੀ ਲਈ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਕਥਿਤ ਵਰਤੋਂ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਨਿਗਰਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ। ਜਾਂਚ ਦੇ ਘੇਰੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜਸਟਿਸ ਰਵੀਂਦਰਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਨੂੰ ਅਜੇ ਕੁਝ ਨਹੀਂ ਪਤਾ ਕਿਉਂਕਿ ਮੈਨੂੰ ਹੁਕਮਾਂ ਦੀ ਕਾਪੀ ਨਹੀਂ ਮਿਲੀ। ਜਦੋਂ ਤੱਕ ਮੈਨੂੰ ਸੁਪਰੀਮ ਕੋਰਟ ਤੋਂ ਹੁਕਮਾਂ ਦੀ ਕਾਪੀ ਤੇ ਹੋਰ ਚਿੱਠੀ-ਪੱਤਰ ਨਹੀਂ ਮਿਲ ਜਾਂਦੀ, ਮੈਨੂੰ ਉਦੋਂ ਤੱਕ ਕੁਝ ਪਤਾ ਨਹੀਂ ਲੱਗੇਗਾ।’’ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਲੰਘੇ ਦਿਨ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਪੈਗਾਸਸ ਜਾਸੂਸੀ ਕਾਂਡ ਮਾਮਲੇ ਦੀ ਜਾਂਚ ਲਈ ਸਾਈਬਰ ਮਾਹਿਰਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਜਸਟਿਸ ਰਵੀਂਦਰਨ ਨੂੰ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਇਸ ਕੇਸ ਦੀ ਜਾਂਚ ਦੀ ਨਿਗਰਾਨੀ ਦਾ ਜ਼ਿੰਮਾ ਸੌਂਪਿਆ ਸੀ। -ਪੀਟੀਆਈ